Daily Suraj

ਪੰਜਾਬੀ

ਸਖ਼ਤੀ ਦੇ ਰੌਂਅ 'ਚ CP Ludhiana, ਅਜਿਹਾ ਸਾਮਾਨ ਵੇਚਣ ਵਾਲੇ ਦੁਕਾਨਦਾਰਾਂ ਲਈ ਜਾਰੀ ਕੀਤੀਆਂ ਸਖ਼ਤ ਹਦਾਇਤਾਂ

13 May, 2025 10:26 PM

ਲੁਧਿਆਣਾ : ਭਾਰਤ ਪਾਕਿਸਤਾਨ ਦਰਮਿਆਨ ਹੋਈ ਜੰਗ ਤੋਂ ਬਾਅਦ ਇਹਤਿਆਤ ਲਈ ਦੇਸ਼ ਭਰ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਇਸੇ ਦੇ ਚਲਦੇ ਦੇਸ਼ ਵਿਰੋਧੀ ਅਨਸਰਾਂ ਨੂੰ ਸ਼ਾਂਤੀ ਭੰਗ ਕਰਨ ਦੀ ਕੋਈ ਵੀ ਕੋਸ਼ਿਸ਼ ਕਰਨ ਤੋਂ ਰੋਕਣ ਲਈ ਪੁਲਿਸ ਕਮਿਸ਼ਨਰ ਸਵਪਨ ਸ਼ਰਮ ਵੱਲੋਂ ਸੋਮਵਾਰ ਨੂੰ ਦੁਕਾਨਦਾਰਾਂ ਨੂੰ ਕੁਝ ਖਾਸ ਹਦਾਇਤਾਂ ਦਿੱਤੀਆਂ ਗਈਆਂ ਹਨ। ਉਨ੍ਹਾਂ ਪੁਲਿਸ ਅਤੇ ਮਿਲਟਰੀ ਦਾ ਸਮਾਨ ਵੇਚਣ ਵਾਲੇ ਦੁਕਾਨਦਾਰਾਂ ਨੂੰ ਸਾਵਧਾਨੀ ਨਾਲ ਸਮਾਨ ਵੇਚਣ ਦੇ ਆਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਪੁਲਿਸ ਦੇ ਲੋਗੋ ਦੀ ਦੁਰਵਰਤੋਂ ’ਤੇ ਵੀ ਖਾਸ ਹਦਾਇਤਾਂ ਜਾਰੀ ਕੀਤੀਆਂ ਹਨ।

ਕਾਬਿਲੇਗੌਰ ਹੈ ਕਿ ਕੁਝ ਦਿਨ ਪਹਿਲਾਂ ਲੁਧਿਆਣਾ ਪੁਲਿਸ ਨੇ ਇੱਕ ਫਰਜ਼ੀ ਪੁਲਿਸ ਮੁਲਾਜ਼ਮ ਨੂੰ ਕਾਬੂ ਕੀਤਾ ਸੀ। ਮੁਲਜ਼ਮ ਪੁਲਿਸ ਦੀ ਵਰਦੀ ਅਤੇ ਪੁਲਿਸ ਦਾ ਫਰਜ਼ੀ ਆਈ ਕਾਰਡ ਬਣਾ ਕੇ ਰੋਅਬ ਮਾਰਨ ਲਈ ਇਲਾਕੇ ਵਿੱਚ ਘੁੰਮ ਰਿਹਾ ਸੀ। ਬੇਸ਼ੱਕ ਉਕਤ ਵਿਅਕਤੀ ਦਾ ਕੋਈ ਮਾੜਾ ਇਰਾਦਾ ਨਹੀਂ ਸੀ, ਪਰ ਅਜਿਹੇ ਵਿਅਕਤੀ ਸਮਾਜ ਲਈ ਖਤਰਾ ਬਣ ਸਕਦੇ ਹਨ। ਡਿਪਟੀ ਕਮਿਸ਼ਨਰ ਪੁਲਿਸ ਹੈਡ ਕੁਆਰਟਰ ਸਨੇਹਦੀਪ ਸ਼ਰਮਾ ਵੱਲੋਂ ਜਾਰੀ ਕੀਤੇ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਜੋ ਦੁਕਾਨਦਾਰ ਪੰਜਾਬ ਪੁਲਿਸ, ਪੰਜਾਬ ਹੋਮ ਗਾਰਡ, ਨੀਮ ਫ਼ੌਜੀ ਬਲ ਤੇ ਫੌਜ ਦੀਆਂ ਵਰਦੀਆਂ ਵੇਚਦੇ ਹਨ, ਉਹ ਇਸ ਸਬੰਧੀ ਕੋਈ ਵੀ ਰਿਕਾਰਡ ਨਹੀਂ ਰੱਖਦੇ।

ਉਨ੍ਹਾਂ ਆਖਿਆ ਕਿ ਕਈ ਵਾਰ ਗੈਰ ਸਮਾਜੀ ਅਨਸਰ ਪੈਰਾਮਿਲਟਰੀ ਬਲਾਂ ਦੀਆਂ ਵਰਦੀਆਂ ਦੀ ਨਾਜਾਇਜ਼ ਵਰਤੋਂ ਕਰਕੇ ਅਣਸੁਖਾਵੀਆਂ ਘਟਨਾਵਾਂ ਨੂੰ ਅੰਜਾਮ ਦੇ ਦਿੰਦੇ ਹਨ। ਉਨ੍ਹਾਂ ਆਖਿਆ ਕਿ ਅਜਿਹੀਆਂ ਅਣਸੁਖਾਵੀਆਂ ਘਟਨਾਵਾਂ ਨੂੰ ਰੋਕਣ ਲਈ ਅਤੇ ਆਮ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਲਈ ਵਿਸ਼ੇਸ਼ ਕਦਮ ਚੁੱਕਣੇ ਬਹੁਤ ਜਰੂਰੀ ਹਨ। ਡੀਸੀਪੀ ਨੇ ਦੱਸਿਆ ਕਿ ਉਹ ਭਾਰਤੀ ਸਿਵਲ ਪ੍ਰੋਟੈਕਸ਼ਨ ਕੋਡ 2023 ਧਾਰਾ 163 ਅਧੀਨ ਪ੍ਰਾਪਤ ਅਧਿਕਾਰ ਦੀ ਵਰਤੋਂ ਕਰਦੇ ਹੋਏ ਇਹ ਆਦੇਸ਼ ਜਾਰੀ ਕਰਦੇ ਹਨ ਕਿ ਕੋਈ ਵੀ ਵਿਅਕਤੀ ਕਿਸੇ ਵੀ ਵਰਦੀ ਜਾਂ ਸਾਮਾਨ ਨੂੰ ਖਰੀਦਣ ਲਈ ਦੁਕਾਨਦਾਰ ਕੋਲ ਆਉਂਦਾ ਤਾਂ ਦੁਕਾਨਦਾਰ ਖਰੀਦਦਾਰ ਨੂੰ ਵੇਚੇ ਗਏ ਸਾਰੇ ਸਾਮਾਨ ਦਾ ਵੇਰਵਾ ਇੱਕ ਰਜਿਸਟਰ ’ਚ ਦਰਜ ਕਰੇ।

ਇਸ ਦੇ ਨਾਲ ਹੀ ਖਰੀਦਦਾਰ ਦਾ ਆਈਡੀ ਪ੍ਰੂਫ ਮੋਬਾਈਲ ਨੰਬਰ ਤੇ ਪੱਕਾ ਰਿਹਾਇਸ਼ੀ ਪਤਾ ਵੀ ਇੱਕ ਰਜਿਸਟਰ ’ਚ ਨੋਟ ਕੀਤਾ ਜਾਵੇ। ਉਨ੍ਹਾਂ ਆਖਿਆ ਕਿ ਇਹ ਜ਼ਿੰਮੇਵਾਰੀ ਦੁਕਾਨਦਾਰ ਦੀ ਹੀ ਬਣਦੀ ਹੈ ਕਿ ਉਹ ਇੱਕ ਮਹੀਨੇ ਬਾਅਦ ਸਾਰੀ ਜਾਣਕਾਰੀ ਸਬੰਧਤ ਪੁਲਿਸ ਸਟੇਸ਼ਨ ਵਿੱਚ ਭੇਜੇ। ਡੀਸੀਪੀ ਨੇ ਦੱਸਿਆ ਕਿ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਕੁਝ ਲੋਕ ਆਪਣੇ ਨਿੱਜੀ ਵਾਹਨਾਂ ਤੇ ਪੁਲਿਸ, ਫੌਜ ਅਤੇ ਵੀਆਈਪੀ ਲੋਗੋ ਜਾਂ ਸਟੀਕਰਾਂ ਦੀ ਵਰਤੋਂ ਕਰਦੇ ਹਨ। ਉਨ੍ਹਾਂ ਆਖਿਆ ਆਖਿਆ ਅਜੋਕੇ ਸਮੇਂ ਵਿੱਚ ਇਹ ਇੱਕ ਗੰਭੀਰ ਮਸਲਾ ਹੈ। ਡੀਸੀਪੀ ਦੇ ਮੁਤਾਬਕ ਉਹ ਅਜਿਹੇ ਸਟਿੱਕਰਾਂ ਦੀ ਦੁਰਵਰਤੋਂ ਤੇ ਪੂਰੀ ਤਰ੍ਹਾਂ ਰੋਕ ਲਗਾਉਂਦੇ ਹਨ। ਇਹ ਸਾਰੇ ਆਦੇਸ਼ ਇੱਕ ਮਹੀਨੇ ਤੱਕ ਲਾਗੂ ਰਹਿਣਗੇ।

#CPLudhiana #StrictOrders #IllegalItemsBan #LudhianaPolice #ShopkeeperWarning #LawAndOrder #PunjabNews #PoliceAction

Posted By: Daily Suraj Bureau

Latest News