ਕੈਨੇਡਾ–ਚੀਨ ਰਿਸ਼ਤੇ ‘ਨਵੇਂ ਦੌਰ’ ਵਿੱਚ ਦਾਖ਼ਲ: ਪ੍ਰਧਾਨ ਮੰਤਰੀ ਮਾਰਕ ਕਾਰਨੀ
ਬੀਜਿੰਗ, ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਹੈ ਕਿ ਕੈਨੇਡਾ ਅਤੇ ਚੀਨ ਦੇ ਰਿਸ਼ਤੇ ਹੁਣ “ਨਵੇਂ ਦੌਰ” ਵਿੱਚ ਦਾਖ਼ਲ ਹੋ ਰਹੇ ਹਨ ਅਤੇ ਦੋਵੇਂ ਦੇਸ਼ ਰਣਨੀਤਿਕ ਸਾਂਝੇਦਾਰ ਬਣਨ ਦੀ ਦਿਸ਼ਾ ਵੱਲ ਅੱਗੇ ਵਧ ਰਹੇ ਹਨ। ਉਨ੍ਹਾਂ ਨੇ ਇਹ ਟਿੱਪਣੀ ਬੀਜਿੰਗ ਵਿੱਚ ਉਸ ਵੇਲੇ ਕੀਤੀ, ਜਦੋਂ ਚੀਨ ਦੇ ਪ੍ਰੀਮੀਅਰ ਲੀ ਕਿਅੰਗ ਅਤੇ ਨੈਸ਼ਨਲ ਪੀਪਲਜ਼ ਕਾਂਗਰਸ ਦੀ ਸਟੈਂਡਿੰਗ ਕਮੇਟੀ ਦੇ ਚੇਅਰਮੈਨ ਝਾਓ ਲੇਜੀ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਪ੍ਰਧਾਨ ਮੰਤਰੀ ਕਾਰਨੀ ਨੇ ਕਿਹਾ ਕਿ ਊਰਜਾ, ਖੇਤੀਬਾੜੀ, ਲੋਕ-ਤੋਂ-ਲੋਕ ਸੰਪਰਕ, ਬਹੁਪੱਖੀ ਸਹਿਯੋਗ ਅਤੇ ਸੁਰੱਖਿਆ ਵਰਗੇ ਖੇਤਰਾਂ ਵਿੱਚ ਵਧਦੀ ਸਾਂਝੇਦਾਰੀ ਦੋਵੇਂ ਦੇਸ਼ਾਂ ਦੇ ਲੋਕਾਂ ਲਈ ਲਾਭਦਾਇਕ ਸਾਬਤ ਹੋਵੇਗੀ। ਉਨ੍ਹਾਂ ਨੇ ਉਮੀਦ ਜਤਾਈ ਕਿ ਇਹ ਸਹਿਯੋਗ ਵਿਸ਼ਵ ਪੱਧਰ ‘ਤੇ ਇਕ ਸਕਾਰਾਤਮਕ ਉਦਾਹਰਨ ਬਣੇਗਾ। ਦੌਰੇ ਦੌਰਾਨ ਕੈਨੇਡਾ ਅਤੇ ਚੀਨ ਦੇ ਅਧਿਕਾਰੀਆਂ ਵਿਚਕਾਰ ਕਈ ਸਮਝੌਤਾ ਯਾਦਦਾਸ਼ਤਾਂ ‘ਤੇ ਦਸਤਖ਼ਤ ਵੀ ਕੀਤੇ ਗਏ। ਇਨ੍ਹਾਂ ਵਿੱਚ ਪਸ਼ੂ-ਸਿਹਤ ਅਤੇ ਪੈੱਟ ਫੂਡ ਦੀ ਸਫ਼ਾਈ ਮਾਨੀਟਰਿੰਗ ਨਾਲ ਜੁੜੇ ਸਮਝੌਤੇ ਸ਼ਾਮਲ ਹਨ, ਜੋ ਦੋਪੱਖੀ ਵਪਾਰ ਅਤੇ ਮਿਆਰੀ ਨਿਯਮਾਂ ਨੂੰ ਮਜ਼ਬੂਤ ਕਰਨ ਵੱਲ ਇਸ਼ਾਰਾ ਕਰਦੇ ਹਨ। ਚੀਨ ਦੇ ਪ੍ਰੀਮੀਅਰ ਲੀ ਕਿਅੰਗ ਨੇ ਦੋਪੱਖੀ ਰਿਸ਼ਤਿਆਂ ਵਿੱਚ “ਨਵੀਂ ਸ਼ੁਰੂਆਤ” ਦੀ ਗੱਲ ਕੀਤੀ। ਇਸ ਮੌਕੇ ਪ੍ਰਧਾਨ ਮੰਤਰੀ ਕਾਰਨੀ ਨੇ ਕਿਹਾ ਕਿ ਰਿਸ਼ਤਿਆਂ ਵਿੱਚ ਆਈ ਤੇਜ਼ੀ ਅਤੇ ਰਾਸ਼ਟਰਪਤੀ ਸੀ ਜਿਨਪਿੰਗ ਦੀ ਅਗਵਾਈ ਤੋਂ ਉਹ ਉਤਸ਼ਾਹਿਤ ਹਨ। ਉਨ੍ਹਾਂ ਦੇ ਅਨੁਸਾਰ, ਇਹ ਦੌਰਾ ਦੋਵੇਂ ਦੇਸ਼ਾਂ ਵਿਚਕਾਰ ਵਪਾਰਕ ਅਤੇ ਆਰਥਿਕ ਸਬੰਧਾਂ ਦੇ ਮੁੜ ਮਜ਼ਬੂਤ ਹੋਣ ਦਾ ਸੰਕੇਤ ਦਿੰਦਾ ਹੈ।
Posted By: Daily Suraj Bureau