Daily Suraj

ਪੰਜਾਬੀ

ਪੰਜਾਬੀ ਗਾਇਕ ਨਿੰਜਾ ਅਤੇ ਸਾਊਂਡ ਆਪਰੇਟਰਾਂ ਵਿਚਾਲੇ ਵਿਵਾਦ ਹੋਰ ਗਰਮਾਇਆ, ਸਟੇਜ ਤੋਂ ਦਿੱਤੇ ਬਿਆਨ ਦੀ ਵੀਡੀਓ ਵਾਇਰਲ

07 Sep, 2026 02:47 PM

ਮਸ਼ਹੂਰ ਪੰਜਾਬੀ ਗਾਇਕ ਨਿੰਜਾ ਅਤੇ ਸਾਊਂਡ ਆਪਰੇਟਰਾਂ ਵਿਚਕਾਰ ਚੱਲ ਰਿਹਾ ਵਿਵਾਦ ਸ਼ਾਂਤ ਹੋਣ ਦੀ ਬਜਾਏ ਹੋਰ ਵੀ ਵਧਦਾ ਨਜ਼ਰ ਆ ਰਿਹਾ ਹੈ। ਬਟਾਲਾ ਵਿਖੇ ਹੋਏ ਇੱਕ ਲਾਈਵ ਸ਼ੋਅ ਦੌਰਾਨ ਸ਼ੁਰੂ ਹੋਇਆ ਇਹ ਮਾਮਲਾ ਹੁਣ ਮੰਡੀ ਗੋਬਿੰਦਗੜ੍ਹ ਵਿਖੇ ਦਿੱਤੇ ਗਏ ਇੱਕ ਨਵੇਂ ਬਿਆਨ ਤੋਂ ਬਾਅਦ ਮੁੜ ਚਰਚਾ ਦੇ ਕੇਂਦਰ ਵਿੱਚ ਆ ਗਿਆ ਹੈ।ਜਾਣਕਾਰੀ ਅਨੁਸਾਰ, ਇਹ ਸਾਰਾ ਮੁੱਦਾ 28 ਅਗਸਤ ਨੂੰ ਬਟਾਲਾ ਦੀ ਦਾਣਾ ਮੰਡੀ ਵਿਖੇ ਆਯੋਜਿਤ 'ਰੰਗਲਾ ਪੰਜਾਬ' ਪ੍ਰੋਗਰਾਮ ਦੌਰਾਨ ਸ਼ੁਰੂ ਹੋਇਆ ਸੀ। ਲਾਈਵ ਪ੍ਰਦਰਸ਼ਨ ਦੌਰਾਨ ਨਿੰਜਾ ਦਾ ਮਾਈਕ੍ਰੋਫ਼ੋਨ ਦੋ-ਤਿੰਨ ਵਾਰ ਅਚਾਨਕ ਬੰਦ ਹੋ ਗਿਆ, ਜਿਸ ਤੋਂ ਨਾਰਾਜ਼ ਹੋ ਕੇ ਨਿੰਜਾ ਨੇ ਸਟੇਜ ਤੋਂ ਹੀ ਦਰਸ਼ਕਾਂ ਦੇ ਸਾਹਮਣੇ ਸਾਊਂਡ ਆਪਰੇਟਰ 'ਤੇ ਆਪਣਾ ਗੁੱਸਾ ਕੱਢਿਆ ਸੀ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਪੰਜਾਬ ਭਰ ਦੇ ਸਾਊਂਡ ਆਪਰੇਟਰਾਂ ਵਿੱਚ ਰੋਸ ਫੈਲ ਗਿਆ ਅਤੇ ਉਨ੍ਹਾਂ ਨੇ ਗਾਇਕ ਤੋਂ ਜਨਤਕ ਤੌਰ 'ਤੇ ਮੁਆਫ਼ੀ ਮੰਗਣ ਦੀ ਮੰਗ ਰੱਖੀ। ਇਸ ਵਿਵਾਦ ਦੌਰਾਨ, ਹੁਣ ਮੰਡੀ ਗੋਬਿੰਦਗੜ੍ਹ ਵਿੱਚ ਆਯੋਜਿਤ 'ਸਖੀ ਸ਼ਕਤੀ ਮੇਲੇ' ਵਿੱਚ ਪਹੁੰਚੇ ਨਿੰਜਾ ਨੇ ਮੁਆਫ਼ੀ ਮੰਗਣ ਦੀ ਬਜਾਏ ਸਟੇਜ ਤੋਂ ਸਾਊਂਡ ਆਪਰੇਟਰਾਂ 'ਤੇ ਤਨਜ਼ ਕੱਸਿਆ। ਨਿੰਜਾ ਨੇ ਦਰਸ਼ਕਾਂ ਦੇ ਸਾਹਮਣੇ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਸਾਊਂਡ ਆਪਰੇਟਰਾਂ ਦੀ ਆਪਣੀ ਯੂਨੀਅਨ ਹੈ ਅਤੇ ਉਹ ਉਨ੍ਹਾਂ ਖ਼ਿਲਾਫ਼ ਪ੍ਰਦਰਸ਼ਨ ਕਰਨ ਦੀ ਯੋਜਨਾ ਬਣਾ ਰਹੇ ਹਨ।ਸਟੇਜ ਤੋਂ ਆਪਣੀ ਗੱਲ ਰੱਖਦਿਆਂ ਗਾਇਕ ਨਿੰਜਾ ਨੇ ਕਿਹਾ ਕਿ ਗਰਮੀਆਂ ਦੇ ਮਹੀਨਿਆਂ ਦੌਰਾਨ ਕੰਮ ਘੱਟ ਹੁੰਦਾ ਹੈ ਅਤੇ "ਇੱਕ ਵਿਹਲਾ ਦਿਮਾਗ਼ ਸ਼ੈਤਾਨ ਦਾ ਘਰ ਹੁੰਦਾ ਹੈ"। ਨਿੰਜਾ ਦੇ ਇਸ ਬਿਆਨ ਦੀ ਨਵੀਂ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਇਹ ਵਿਵਾਦ ਇੱਕ ਵਾਰ ਫਿਰ ਸੁਰਖੀਆਂ ਵਿੱਚ ਆ ਗਿਆ ਹੈ।

Latest News