ਗੁਰਦੁਆਰਾ ਕਮੇਟੀ ਦੇ ਕਬਜ਼ੇ ਨੂੰ ਲੈ ਕੇ ਝਗੜਾ, ਪੁਲੀਸ ਦੀ ਵੱਡੀ ਕਾਰਵਾਈ
ਜਰਮਨੀ ਦੇ ਨੌਰਥ ਰਾਈਨ-ਵੈਸਟਫਾਲੀਆ ਸੂਬੇ ਦੇ ਮੋਰਸ ਸ਼ਹਿਰ ਵਿੱਚ ਸਥਿਤ ਗੁਰਦੁਆਰਾ ਸਿੰਘ ਸਭਾ ਮੋਰਸ ਵਿੱਚ 40 ਤੋਂ ਵੱਧ ਲੋਕਾਂ ਦਰਮਿਆਨ ਹੋਈ ਹਿੰਸਕ ਝੜਪ ਵਿੱਚ ਘੱਟੋ-ਘੱਟ 11 ਵਿਅਕਤੀ ਜ਼ਖ਼ਮੀ ਹੋ ਗਏ। ਇਸ ਘਟਨਾ ਦੌਰਾਨ ਪੇਪਰ ਸਪਰੇਅ, ਚਾਕੂ ਅਤੇ ਕਿਰਪਾਨਾਂ ਵਰਤੀ ਗਈਆਂ, ਜਦਕਿ ਕਥਿਤ ਤੌਰ ’ਤੇ ਗੋਲੀਬਾਰੀ ਵੀ ਹੋਣ ਦੀ ਜਾਣਕਾਰੀ ਮਿਲੀ ਹੈ। ਮੀਡੀਆ ਰਿਪੋਰਟਾਂ ਮੁਤਾਬਕ, ਜਿਨ੍ਹਾਂ ਵਿੱਚ ਜਰਮਨ ਅਖ਼ਬਾਰ ‘ਬਿਲਡ’ ਦਾ ਹਵਾਲਾ ਦਿੱਤਾ ਗਿਆ ਹੈ, ਇਸ ਘਟਨਾ ਤੋਂ ਬਾਅਦ ਪੁਲੀਸ ਵੱਲੋਂ ਵੱਡੇ ਪੱਧਰ ’ਤੇ ਕਾਰਵਾਈ ਕੀਤੀ ਗਈ। ਹਾਲਾਤਾਂ ਦੀ ਗੰਭੀਰਤਾ ਨੂੰ ਦੇਖਦੇ ਹੋਏ ਵਿਸ਼ੇਸ਼ ਰਣਨੀਤਕ ਇਕਾਈਆਂ ਨੂੰ ਵੀ ਮੌਕੇ ’ਤੇ ਤਾਇਨਾਤ ਕੀਤਾ ਗਿਆ। ਚਸ਼ਮਦੀਦਾਂ ਦੇ ਅਨੁਸਾਰ, ਇਹ ਝੜਪ ਗੁਰਦੁਆਰਾ ਸਾਹਿਬ ਦੇ ਵਿੱਤੀ ਅਤੇ ਪ੍ਰਬੰਧਕੀ ਮਸਲਿਆਂ ਨੂੰ ਲੈ ਕੇ ਹੋਏ ਵਿਵਾਦ ਕਾਰਨ ਵਾਪਰੀ। ਹਾਲਾਂਕਿ ਜਰਮਨ ਪੁਲੀਸ ਨੇ ਅਜੇ ਤੱਕ ਕਿਸੇ ਖ਼ਾਸ ਕਾਰਨ ਦੀ ਪੁਸ਼ਟੀ ਨਹੀਂ ਕੀਤੀ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਟਕਰਾਅ ਗੁਰਦੁਆਰਾ ਕਮੇਟੀ ਦੇ ਕੰਟਰੋਲ, ਪ੍ਰਭਾਵ ਅਤੇ ਵਿੱਤੀ ਅਸਹਿਮਤੀਆਂ ਨਾਲ ਜੁੜੇ ਲੰਬੇ ਸਮੇਂ ਦੇ ਅੰਦਰੂਨੀ ਵਿਵਾਦ ਦਾ ਨਤੀਜਾ ਹੈ। ਇੱਕ ਗਵਾਹ ਨੇ ਦੱਸਿਆ ਕਿ ਇਹ ਝਗੜਾ ਸਾਬਕਾ ਅਤੇ ਮੌਜੂਦਾ ਕਮੇਟੀ ਮੈਂਬਰਾਂ ਵਿਚਕਾਰ ਚੱਲ ਰਹੇ ਤਣਾਅ ਨਾਲ ਜੁੜਿਆ ਹੋਇਆ ਸੀ। ਇਸ ਵਿੱਚ ਭਾਈਚਾਰੇ ਦੇ ਫੰਡਾਂ ਨਾਲ ਸੰਬੰਧਤ ਮਸਲੇ ਵੀ ਸ਼ਾਮਲ ਸਨ ਅਤੇ ਲੰਬੇ ਸਮੇਂ ਤੋਂ ਸਮੱਸਿਆਵਾਂ ਚੱਲ ਰਹੀਆਂ ਸਨ। ਹਿੰਸਾ ਦੀ ਤੀਬਰਤਾ ਨੂੰ ਦੇਖਦੇ ਹੋਏ ਪੁਲੀਸ ਨੇ ਵੱਡੇ ਪੱਧਰ ’ਤੇ ਕਾਰਵਾਈ ਕੀਤੀ। ਗੋਲੀਬਾਰੀ ਦੀਆਂ ਰਿਪੋਰਟਾਂ ਤੋਂ ਬਾਅਦ ਡਸੇਲਡੋਰਫ ਤੋਂ ਵਿਸ਼ੇਸ਼ ਟਾਸਕ ਫੋਰਸ (SEK) ਸਮੇਤ ਲਗਭਗ 100 ਪੁਲੀਸ ਕਰਮਚਾਰੀ ਮੌਕੇ ’ਤੇ ਪਹੁੰਚੇ। ਭਾਰੀ ਹਥਿਆਰਾਂ ਨਾਲ ਲੈਸ ਦਸਤਿਆਂ ਨੇ ਇਮਾਰਤ ਨੂੰ ਘੇਰ ਲਿਆ ਅਤੇ ਇੱਕ ਹੈਲੀਕਾਪਟਰ ਰਾਹੀਂ ਨਿਗਰਾਨੀ ਕੀਤੀ ਗਈ। ਅੰਦਰ ਹਥਿਆਰਬੰਦ ਸ਼ੱਕੀਆਂ ਦੇ ਹੋਣ ਦੇ ਖ਼ਤਰੇ ਨੂੰ ਦੇਖਦਿਆਂ ਗੁਰਦੁਆਰਾ ਸਾਹਿਬ ਨੂੰ ਸੀਲ ਕਰ ਦਿੱਤਾ ਗਿਆ ਅਤੇ ਬਾਅਦ ਵਿੱਚ ਐੱਸ ਈ ਕੇ ਟੀਮ ਨੇ ਛਾਪੇਮਾਰੀ ਕੀਤੀ। ਛਾਪੇ ਦੌਰਾਨ ਕੋਈ ਵੀ ਬੰਦੂਕਧਾਰੀ ਨਹੀਂ ਮਿਲਿਆ, ਪਰ ਘੱਟੋ-ਘੱਟ ਇੱਕ ਸ਼ੱਕੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਜਾਂਚ ਏਜੰਸੀਆਂ ਵੱਲੋਂ ਹੁਣ ਮਾਮਲੇ ਦੀ ਪੂਰੀ ਤਹਕੀਕਾਤ ਕੀਤੀ ਜਾ ਰਹੀ ਹੈ ਅਤੇ ਜ਼ਿੰਮੇਵਾਰ ਵਿਅਕਤੀਆਂ ਦੀ ਪਛਾਣ ਲਈ ਕੋਸ਼ਿਸ਼ਾਂ ਜਾਰੀ ਹਨ। ਰਿਪੋਰਟਾਂ ਅਨੁਸਾਰ, ਮੌਕੇ ਤੋਂ ਕੋਈ ਹਥਿਆਰ ਬਰਾਮਦ ਨਹੀਂ ਹੋਇਆ, ਪਰ ਮਿਲੇ ਕਾਰਤੂਸਾਂ ਦੇ ਖੋਲ ਇਸ ਗੱਲ ਵੱਲ ਇਸ਼ਾਰਾ ਕਰਦੇ ਹਨ ਕਿ ਸੰਭਵ ਤੌਰ ’ਤੇ ‘ਬਲੈਂਕ-ਫਾਇਰਿੰਗ’ ਹਥਿਆਰ ਵਰਤਿਆ ਗਿਆ ਹੋ ਸਕਦਾ ਹੈ।
Posted By: Daily Suraj Bureau