ਹਾਕੀ ਮੈਦਾਨ ਬਣਿਆ ਗੋਲੀਆਂ ਦਾ ਮੈਦਾਨ; ਸ਼ੂਟਰ ਸਮੇਤ ਤਿੰਨ ਹਲਾਕ
Rhode Island ਵਿੱਚ ਯੂਥ ਹਾਕੀ ਮੈਚ ਦੌਰਾਨ ਸੋਮਵਾਰ ਰਾਤ ਗੋਲੀਬਾਰੀ ਦੀ ਦਹਿਸ਼ਤਨਾਕ ਘਟਨਾ ਸਾਹਮਣੇ ਆਈ, ਜਿਸ ਵਿੱਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਗੋਲੀ ਚਲਾਉਣ ਵਾਲਾ ਸ਼ਖ਼ਸ ਵੀ ਸ਼ਾਮਲ ਹੈ। ਘਟਨਾ ਤੋਂ ਬਾਅਦ ਮੈਚ ਦੌਰਾਨ ਮੌਜੂਦ ਲੋਕਾਂ ਵਿੱਚ ਹੜਕੰਪ ਮਚ ਗਿਆ। ਪੁਲਿਸ ਮੁਤਾਬਕ ਫਾਇਰਿੰਗ ਦੌਰਾਨ ਤਿੰਨ ਹੋਰ ਲੋਕ ਜ਼ਖ਼ਮੀ ਹੋਏ, ਜਿਨ੍ਹਾਂ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਪਹੁੰਚਾਇਆ ਗਿਆ। ਜ਼ਖ਼ਮੀਆਂ ਦੀ ਹਾਲਤ ਬਾਰੇ ਅਜੇ ਵਿਸਥਾਰਿਤ ਜਾਣਕਾਰੀ ਸਾਹਮਣੇ ਨਹੀਂ ਆਈ। ਅਧਿਕਾਰੀਆਂ ਨੇ ਦੱਸਿਆ ਕਿ ਸ਼ੂਟਰ ਦੀ ਪਛਾਣ Robert Dorgan ਵਜੋਂ ਹੋਈ ਹੈ, ਜਿਸ ਦਾ ਜਨਮ 1969 ਵਿੱਚ ਹੋਇਆ ਸੀ ਅਤੇ ਉਹ ਰੌਬਰਟਾ ਐਸਪੋਸਿਟੋ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਫਾਇਰਿੰਗ ਦੇ ਕਾਰਨਾਂ ਦੀ ਤਫਤੀਸ਼ ਜਾਰੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੌਕੇ ਤੋਂ ਸਬੂਤ ਇਕੱਠੇ ਕੀਤੇ ਜਾ ਰਹੇ ਹਨ ਅਤੇ ਗਵਾਹਾਂ ਦੇ ਬਿਆਨ ਦਰਜ ਹੋ ਰਹੇ ਹਨ, ਤਾਂ ਜੋ ਘਟਨਾ ਦੇ ਪਿੱਛੇ ਦੇ ਕਾਰਨਾਂ ਦਾ ਪਤਾ ਲੱਗ ਸਕੇ।
Posted By: Daily Suraj Bureau