Daily Suraj

ਪੰਜਾਬੀ

ਮਹਿਲਾ ਨਾਲ ਸਬੰਧਾਂ ਕਾਰਨ ਨੌਜਵਾਨ ‘ਤੇ ਹਮਲਾ, ਹਸਪਤਾਲ ‘ਚ ਦਮ ਤੋੜਿਆ

12 Feb, 2026 02:50 PM

ਫਰੀਦਕੋਟ ਦੇ ਪਿੰਡ ਕਿੰਗਰਾ ਵਿਚ ਬੇਰਹਿਮੀ ਨਾਲ ਮਾਰਕੁਟਾਈ ਕਰਕੇ ਇਕ ਨੌਜਵਾਨ ਗੰਭੀਰ ਜਖਮੀ ਹੋ ਗਿਆ ਤੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਬੂਟਾ ਸਿੰਘ 26 ਸਾਲ ਵਜੋਂ ਹੋਈ ਹੈ। ਉਸ ਦਾ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਵਿਚ ਇਲਾਜ ਚੱਲ ਰਿਹਾ ਸੀ ਜਿਥੇ ਅੱਜ ਉਸ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਬੀਤੀ 31 ਜਨਵਰੀ ਦੀ ਰਾਤ ਬੂਟਾ ਸਿੰਘ ਦੇ ਪਿੰਡ ਦੀ ਇਕ ਵਿਆਹੁਤਾ ਔਰਤ ਨਾਲ ਪ੍ਰੇਮ ਸਬੰਧ ਸਨ। ਦੋਸ਼ ਹੈ ਕਿ ਮਹਿਲਾ ਨੇ ਉਸ ਨੂੰ ਬਹਾਨੇ ਨਾਲ ਆਪਣੇ ਘਰ ਬੁਲਾਇਆ ਜਿਥੇ ਪਹਿਲਾਂ ਤੋਂ ਉਸ ਦਾ ਪਤੀ ਅਮਰ ਸਿੰਘ ਤੇ ਕੁਝ ਹੋਰ ਲੋਕ ਮੌਜੂਦ ਸਨ। ਮੁਲਜ਼ਮਾਂ ਨੇ ਬੂਟਾ ਸਿੰਘ ਦੇ ਸਿਰ ‘ਤੇ ਵਾਰ ਕਰਕੇ ਉਸ ਨੂੰ ਬੇਹੋਸ਼ ਕਰ ਦਿੱਤਾ। ਇਸ ਦੇ ਬਾਅਦ ਉਸ ਨੂੰ ਬੰਨ੍ਹ ਕੇ ਬੁਰੀ ਤਰ੍ਹਾਂ ਕੁੱਟਿਆ। ਜਦੋਂ ਬੂਟਾ ਸਿੰਘ ਦੇਰ ਰਾਤ ਤਕ ਘਰ ਨਹੀਂ ਪਰਤਿਆ ਤਾਂ ਪਰਿਵਾਰ ਵਾਲਿਆਂ ਨੇ ਉਸ ਦੀ ਭਾਲ ਸ਼ੁਰੂ ਕੀਤੀ। ਉਹ ਮਹਿਲਾ ਦੇ ਘਰ ਪਹੁੰਚੇ ਜਿਥੇ ਬੂਟਾ ਸਿੰਘ ਖੰਭੇ ਨਾਲ ਬੰਨ੍ਹਿਆ ਹੋਇਆ ਸੀ ਤੇ ਉਸ ਦੀ ਹਾਲਤ ਬਹੁਤ ਗੰਭੀਰ ਸੀ। ਪੁਲਿਸ ਦੀ ਮਦਦ ਨਾਲ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮ੍ਰਿਤਕ ਦੇ ਭਰਾ ਨੇ ਇਸ ਮਾਮਲੇ ਵਿਚ ਪਿੰਡ ਦੇ ਸਰਪੰਚ ਦੀ ਭੂਮਿਕਾ ‘ਤੇ ਵੀ ਸ਼ੱਕ ਜ਼ਾਹਿਰ ਕਰਦੇ ਹੋਏ ਉਸ ਦੀ ਸ਼ਮੂਲੀਅਤ ਦੇ ਦੋਸ਼ ਲਗਾਏ ਹਨ। ਇਸ ਮਾਮਲੇ ਵਿਚ ਥਾਣਾ ਸਾਦਿਕ ਪੁਲਿਸ ਨੇ ਪਹਿਲਾਂ ਤੋਂ ਦਰਜ ਕੇਸ ਵਿਚ ਕਤਲ ਦੀ ਧਾਰਾ ਜੋੜ ਦਿੱਤੀ ਹੈ। ਪੁਲਿਸ ਨੇ ਕਿਹਾ ਕਿ ਮੁਲਜ਼ਮਾਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇਗਾ ਤੇ ਮ੍ਰਿਤਕ ਦਾ ਪੋਸਟਮਾਰਟਮ ਮੈਡੀਕਲ ਕਾਲਜ ਹਸਪਤਾਲ ਵਿਚ ਕਰਵਾਇਆ ਜਾ ਰਿਹਾ ਹੈ।

Posted By: Daily Suraj Bureau

Latest News