Daily Suraj

ਪੰਜਾਬੀ

ਰਿਆੜਕੀ ਪਬਲਿਕ ਸਕੂਲ ਤੁਗਲਵਾਲਾ ਦੇ ਯੂਨੀਅਰ ਵਿੰਗ ਦਾ ਸਾਲਾਨਾ ਸਮਾਗਮ ਹੋਇਆ ਸੰਪੰਨ

13 Dec, 2024 05:30 AM

ਕਾਦੀਆਂ/ਸ੍ਰੀ ਹਰਗੋਬਿੰਦਪੁਰ ਰਿਆੜਕੀ ਪਬਲਿਕ ਸਕੂਲ ਤੁਗਲਵਾਲਾ ਦੇ ਜੂਨੀਅਰ ਬਲਾਜ਼ਮ ਵਿੰਗ ਦਾ ਸਾਲਾਨਾ ਦੋ ਦਿਨਾ ਸਮਾਗਮ ਨਿਵੇਕਲੀਆਂ ਪੈੜਾਂ ਨਾਲ ਸਮਾਪਤ ਹੋਇਆ। ਇਸ ਦੌਰਾਨ ਸੰਸਥਾ ਦੇ ਜੂਨੀਅਰ ਵਿੰਗ ਦੇ ਪ੍ਰੀ ਨਰਸਰੀ ਤੋਂ ਲੈ ਕੇ ਤੀਸਰੀ ਤੱਕ ਦੇ 682 ਵਿਦਿਆਰਥੀਆਂ ਨੇ ਆਪਣੇ ਤਜਰਬੇਕਾਰ ਤੇ ਯੋਗ ਅਧਿਆਪਕਾਂ ਦੀ ਅਗਵਾਈ ਅਧੀਨ “ਵਿੰਗਸ ਆਫ ਹੋਪ” ਦੇ ਸਿਰਲੇਖ ਅਧੀਨ ਨਵੀਆਂ ਉਡਾਰਾਂ, ਵਿਲੱਖਣ ਪੁਲਾਂਘਾਂ ਪੁੱਟਦਿਆਂ, ਰੰਗਾਂ- ਰੰਗ, ਧਾਰਮਿਕ, ਸੱਭਿਆਚਾਰਿਕ, ਸਮਾਜਿਕ ਤੇ ਰਾਜਨੀਤਿਕ ਬੁਰਾਈਆਂ ਤੇ ਕਟਾਖਸ਼ ਪੇਸ਼ ਕਰਦਿਆਂ ਵਿਅੰਗਾਤਮਕ ਵਿਸ਼ਿਆਂ ਨਾਲ਼ ਸਬੰਧਤ ਪ੍ਰੋਗਰਾਮ ਪੇਸ਼ ਕੀਤਾ। ਪ੍ਰੋਗਰਾਮ ਦੇ ਪਹਿਲੇ ਐਪੀਸੋਡ ਦਾ ਆਗਾਜ਼ ਐੱਮਐੱਸ ਰੰਧਾਵਾ ਹਾਲ ਵਿੱਚ ਪ੍ਰਿੰਸੀਪਲ ਸਵਰਨ ਸਿੰਘ ਵਿਰਕ ਦੁਆਰਾ ਸ਼ਮਾ ਰੌਸ਼ਨ ਕਰਕੇ ਕੀਤਾ ਗਿਆ। ਐਪੀਸੋਡ ਦੇ ਦੂਜੇ ਦਿਨ ਦਾ ਆਗਾਜ਼ ਸੰਸਥਾ ਦੀ ਹੈੱਡ ਗਰਲ (ਜੂਨੀਅਰ), ਨੈਸ਼ਨਲ ਰਾਈਫ਼ਲ ਸ਼ੂਟਿੰਗ ਚੈਂਪੀਅਨ ਅਨਹਦ ਕੌਰ ਵੱਲੋਂ ਬਾਹਰੋਂ ਆਏ ਮਹਿਮਾਨਾਂ ਨੂੰ ਸੰਸਥਾ ਦੀ ਸਾਲ ਭਰ ਦੀ ਕਾਰਗੁਜ਼ਾਰੀ ਦੀ ਰਿਪੋਰਟ ਪੇਸ਼ ਕਰਕੇ ਕੀਤੀ ਗਈ, ਜਿਸ ਵਿੱਚ ਸੰਸਥਾ ਦੇ ਧਾਰਮਿਕ, ਅਕਾਦਮਿਕ ਨਤੀਜੇ,ਰਾਜ ਪੱਧਰੀ, ਰਾਸ਼ਟਰ ਪੱਧਰੀ ਖੇਡਾਂ ਵਿੱਚ ਮਾਰੀਆਂ ਮੱਲਾਂ, ਸ਼੍ਰੋਮਣੀ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਧਾਰਮਿਕ ਪ੍ਰੀਖਿਆ ਵਿੱਚ ਜਿੱਤੇ ਵਜੀਫੇ, ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੀ ਧਾਰਮਿਕ ਪ੍ਰੀਖਿਆ ਵਿੱਚ ਜਿੱਤੀਆਂ ਸ਼ੀਲਡਾਂ ਅਤੇ ਹੋਰ ਅਨੇਕਾਂ ਸਮਾਜਿਕ ਸਰਗਰਮੀਆਂ ਆਦਿ ਬਾਰੇ ਭਰਪੂਰ ਜਾਣਕਾਰੀ ਦਿੱਤੀ। ਸਾਇੰਸ ਵਿਭਾਗ ਦੀਆਂ ਵਿਦਿਆਰਥਣਾਂ ਸ਼ਰੇਆ ਠਾਕੁਰ, ਰੂਪਨੀਤ ਕੌਰ, ਜੈਸਮੀਨ ਕੌਰ, ਕੋਮਲਪ੍ਰੀਤ ਕੌਰ ਅਤੇ ਆਕ੍ਰਿਤੀ ਸ਼ਰਮਾ ਵੱਲੋਂ ਸਟੇਜ ਐਂਕਰਿੰਗ ਦੀ ਭੂਮਿਕਾ ਬਹੁਤ ਖੂਬਸੂਰਤ ਅੰਦਾਜ਼ ’ਚ ਪੇਸ਼ ਕੀਤੀ ਗਈ। ਪ੍ਰਮਾਤਮਾ ਦਾ ਸ਼ੁਕਰਾਨਾ ਕਰਦਿਆਂ ਵਿਦਿਆਰਥੀਆਂ ਵੱਲੋਂ “ਧੰਨ ਧੰਨ ਹਮਾਰੇ ਭਾਗ” ਸ਼ਬਦ ਉਚਾਰਨ ਕੀਤਾ ਗਿਆ। ਪ੍ਰੋਗਰਾਮ ਉਪਰੰਤ ਅਖੀਰ ਸੰਸਥਾ ਪ੍ਰਬੰਧਕ ਗਗਨਦੀਪ ਸਿੰਘ ਵਿਰਕ ਨੇ ਆਏ ਮਹਿਮਾਨਾਂ ਤੇ ਮਾਪਿਆਂ ਦਾ ਧੰਨਵਾਦ ਕੀਤਾ। ਅਖੀਰ ਗਗਨਦੀਪ ਸਿੰਘ ਵਿਰਕ, ਡਾਇਰੈਕਟਰ ਮਨਪ੍ਰੀਤ ਕੌਰ ਵਿਰਕ, ਪ੍ਰਿੰਸੀਪਲ ਇੰਦਰਜੀਤ ਕੌਰ ਵੱਲੋਂ ਸਮੂਹ ਸਟਾਫ਼ ਦੀ ਰਹਿਨੁਮਾਈ ਹੇਠ ਛੋਟੇ ਅਤੇ ਵੱਡੇ ਸਹਿਬਜਾਦਿਆਂ ਦੀ ਸ਼ਹੀਦੀ ਨੂੰ ਨਤਮਸਤਕ ਹੋਣ ਲਈ “ਇਸ ਵਾਰ ਸ਼ਹੀਦੀ ਹਫਤਾ ਪਿੰਡ ਪਿੰਡ ਮਨਾਵਾਂਗੇ, ਦਸਮ ਪਾਤਸ਼ਾਹ ਦੀਆਂ ਕੁਰਬਾਨੀਆਂ ਦੀ ਬਾਤ ਪਾਵਾਂਗੇ ਦੇ ਸਿਰਲੇਖ ਇੱਕ ਪੰਫਲੇਟ ਵੀ ਲੋਕ ਅਰਪਣ ਕੀਤਾ ਗਿਆ।

Posted By: Daily Suraj Bureau

Latest News