Daily Suraj

ਪੰਜਾਬੀ

ਲੌਂਗੋਵਾਲ ਬਰਸੀ ਸਮਾਗਮ ਤੋਂ ਨਾਇਬ ਸੈਣੀ ਨੇ ਵੱਟਿਆ ਪਾਸਾ, ਅਕਾਲੀ ਦਲ (ਪੁਨਰ ਸੁਰਜੀਤ) ਦੀ ਰੈਲੀ ’ਚ ਨਹੀਂ ਹੋਣਗੇ ਸ਼ਾਮਲ

20 Aug, 2026 08:14 AM

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੱਲੋਂ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ 41ਵੀਂ ਬਰਸੀ ਮੌਕੇ ਅਕਾਲੀ ਦਲ (ਪੁਨਰ ਸੁਰਜੀਤ) ਦੀ ਰੈਲੀ ਵਿੱਚ ਸ਼ਾਮਲ ਹੋਣ ਦਾ ਪ੍ਰੋਗਰਾਮ ਆਖ਼ਰੀ ਮੌਕੇ ’ਤੇ ਰੱਦ ਹੋ ਗਿਆ ਹੈ। ਮੁੱਖ ਮੰਤਰੀ ਸੈਣੀ ਨੇ ਅੱਜ ਲੌਂਗੋਵਾਲ ਵਿੱਚ ਹੋਣ ਵਾਲੇ ਬਰਸੀ ਸਮਾਗਮਾਂ ਦੌਰਾਨ ਰੈਲੀ ਦੀ ਸਟੇਜ ਸਾਂਝੀ ਕਰਨੀ ਸੀ। ਅਹਿਮ ਸੂਤਰਾਂ ਮੁਤਾਬਕ, ਇਸ ਮਾਮਲੇ ਨੂੰ ਲੈ ਕੇ ਬੀਤੇ ਦਿਨ ਭਾਰਤੀ ਜਨਤਾ ਪਾਰਟੀ ਦੀ ਇੱਕ ਮੀਟਿੰਗ ਵਿੱਚ ਵੀ ਚਰਚਾ ਹੋਈ ਸੀ। ਸਿਆਸੀ ਤੌਰ ’ਤੇ ਕਿਸੇ ਨਵੀਂ ਚਰਚਾ ਦੇ ਉੱਠਣ ਦੇ ਖਦਸ਼ੇ ਦਰਮਿਆਨ ਮੁੱਖ ਮੰਤਰੀ ਸੈਣੀ ਦਾ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ। ਅਕਾਲੀ ਦਲ-ਭਾਜਪਾ ਗੱਠਜੋੜ ਦੀ ਚਰਚਾ ਵਿਚਾਲੇ ਫੈਸਲਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪਿਛਲੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹੋਈ ਮੁਲਾਕਾਤ ਤੋਂ ਬਾਅਦ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਮੁੜ ਗੱਠਜੋੜ ਦੀਆਂ ਚਰਚਾਵਾਂ ਤੇਜ਼ ਹੋਈਆਂ ਹਨ। ਸਿਆਸੀ ਹਲਕਿਆਂ ਵਿੱਚ ਇਹ ਚਰਚਾ ਸੀ ਕਿ ਜੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਕਾਲੀ ਦਲ (ਪੁਨਰ ਸੁਰਜੀਤ) ਦੀ ਸਟੇਜ ’ਤੇ ਸ਼ਾਮਲ ਹੁੰਦੇ ਤਾਂ ਆਉਣ ਵਾਲੀਆਂ ਚੋਣਾਂ ਨੂੰ ਲੈ ਕੇ ਸਿਆਸੀ ਹਲਕਿਆਂ ਵਿੱਚ ਨਵੀਂ ਚਰਚਾ ਛਿੜ ਸਕਦੀ ਸੀ। ਇਸੇ ਦੌਰਾਨ ਇਹ ਅੰਦਾਜ਼ੇ ਵੀ ਲਗਾਏ ਜਾ ਰਹੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਆਗੂਆਂ ਵੱਲੋਂ ਅੰਦਰੂਨੀ ਤੌਰ ’ਤੇ ਸੈਣੀ ਦੀ ਪੁਨਰ ਸੁਰਜੀਤ ਦਲ ਦੀ ਸਟੇਜ ’ਤੇ ਸ਼ਮੂਲੀਅਤ ਦਾ ਵਿਰੋਧ ਕੀਤਾ ਗਿਆ। ਪਹਿਲਾਂ ਪਹੁੰਚੀ ਸੀ ਹਰਿਆਣਾ ਦੀ ਸੁਰੱਖਿਆ ਟੀਮ ਅਕਾਲੀ ਦਲ (ਪੁਨਰ ਸੁਰਜੀਤ) ਦੇ ਮੁੱਖ ਬੁਲਾਰੇ ਜਗਜੀਤ ਸਿੰਘ ਕੋਹਲੀ ਨੇ ਦੱਸਿਆ ਕਿ ਬੀਤੇ ਦਿਨ ਹਰਿਆਣਾ ਦੇ ਮੁੱਖ ਮੰਤਰੀ ਦੀ ਸੁਰੱਖਿਆ ਟੀਮ ਦਾ ਇੱਕ ਦਸਤਾ ਲੌਂਗੋਵਾਲ ਪਹੁੰਚਿਆ ਸੀ। ਉਨ੍ਹਾਂ ਮੁਤਾਬਕ ਸੀਨੀਅਰ ਆਗੂ ਗੋਬਿੰਦ ਸਿੰਘ ਲੌਂਗੋਵਾਲ ਨੇ ਸੁਰੱਖਿਆ ਟੀਮ ਨੂੰ ਦੋ ਥਾਵਾਂ ’ਤੇ ਹੈਲੀਪੈਡ ਬਣਾਉਣ ਲਈ ਜਗ੍ਹਾ ਵੀ ਦਿਖਾਈ ਸੀ। ਉਨ੍ਹਾਂ ਕਿਹਾ ਕਿ ਸ਼ੁਰੂ ਵਿੱਚ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਸਮਾਗਮ ਦੀ ਸਟੇਜ ’ਤੇ ਪਹੁੰਚਣ ਦਾ ਪ੍ਰੋਗਰਾਮ ਤੈਅ ਸੀ, ਪਰ ਹੁਣ ਉਨ੍ਹਾਂ ਦੇ ਪ੍ਰੋਗਰਾਮ ਦੇ ਰੱਦ ਹੋਣ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ। ਸਟੇਜ ਤੋਂ ਕੇਂਦਰ ਖ਼ਿਲਾਫ਼ ਬਿਆਨਬਾਜ਼ੀ ਦਾ ਵੀ ਖਦਸ਼ਾ ਸੂਤਰਾਂ ਅਨੁਸਾਰ ਇਹ ਗੱਲ ਵੀ ਚਰਚਾ ਵਿੱਚ ਰਹੀ ਕਿ ਜੇ ਮੁੱਖ ਮੰਤਰੀ ਸੈਣੀ ਪੁਨਰ ਸੁਰਜੀਤ ਅਕਾਲੀ ਦਲ ਦੀ ਸਟੇਜ ’ਤੇ ਮੌਜੂਦ ਹੁੰਦੇ ਤਾਂ ਉੱਥੋਂ ਕੋਈ ਬੁਲਾਰਾ ਕੇਂਦਰ ਸਰਕਾਰ ਖ਼ਿਲਾਫ਼ ਵੀ ਆਪਣੀ ਗੱਲ ਰੱਖ ਸਕਦਾ ਸੀ। ਇਸ ਕਾਰਨ ਵੀ ਸਿਆਸੀ ਤੌਰ ’ਤੇ ਸਥਿਤੀ ਸੰਵੇਦਨਸ਼ੀਲ ਬਣਨ ਦੀ ਸੰਭਾਵਨਾ ਜਤਾਈ ਜਾ ਰਹੀ ਸੀ। ਭਾਜਪਾ ਸੰਗਰੂਰ ਦੀ ਜ਼ਿਲ੍ਹਾ ਪ੍ਰਧਾਨ ਦਮਨ ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਪਹਿਲਾਂ ਸੰਤ ਲੌਂਗੋਵਾਲ ਦੇ ਬਰਸੀ ਸਮਾਗਮਾਂ ਵਿੱਚ ਸ਼ਾਮਲ ਹੋਣ ਦਾ ਪ੍ਰੋਗਰਾਮ ਸੀ, ਪਰ ਹੁਣ ਇਹ ਪ੍ਰੋਗਰਾਮ ਰੱਦ ਹੋ ਗਿਆ ਹੈ।

Posted By: Daily Suraj Bureau

Latest News