ਗਿਆਨੀ ਹਰਪ੍ਰੀਤ ਸਿੰਘ ਨੇ ਸੁਖਬੀਰ ਬਾਦਲ ਨੂੰ ਕਮਜ਼ੋਰ ਕਰਕੇ ਖੁਦ ਪ੍ਰਧਾਨ ਬਣਨ ਦੀ ਸ਼ਰਮਨਾਕ ਸਾਜਿਸ਼ ਕਬੂਲੀ-ਭੁਪਿੰਦਰ ਭਿੰਦਾ
ਲੁਧਿਆਣਾ (ਕਰਨੈਲ ਸਿੰਘ ਐੱਮ.ਏ.)- ਗਿਆਨੀ ਹਰਪ੍ਰੀਤ ਸਿੰਘ ਵੱਲੋਂ ਇੱਕ ਨਿਊਜ ਚੈਨਲ ਨੂੰ ਦਿੱਤੇ ਇੰਟਰਵਿਊ ਦੌਰਾਨ ਇਹ ਮੰਨਣਾ ਕਿ ਮੈਂ ਸੁਖਬੀਰ ਸਿੰਘ ਬਾਦਲ ਨੂੰ 10 ਸਾਲਾਂ ਲਈ ਰਾਜਨੀਤੀ ਵਿੱਚੋਂ ਬਾਹਰ ਕਰਕੇ ਖੁਦ ਨਵੇਂ ਦਲ ਦਾ ਪ੍ਰਧਾਨ ਬਣਨਾ ਚਾਹੁੰਦਾ ਸੀ। ਬਹੁਤ ਹੀ ਸ਼ਰਮਨਾਕ ਅਤੇ ਪੰਥ ਵਿਰੋਧੀ ਸਾਜਿਸ਼ ਹੈ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਰਣਜੀਤ ਸਿੰਘ ਢਿੱਲੋਂ ਅਤੇ ਅਕਾਲੀ ਜੱਥਾ ਸ਼ਹਿਰੀ ਦੇ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ ਨੇ ਕੀਤਾ। ਉਨਾਂ ਕਿਹਾ ਕਿ ਇੰਟਰਵਿਊ ਦੌਰਾਨ ਹਰਪ੍ਰੀਤ ਸਿੰਘ ਨੇ ਆਪ ਮੰਨਿਆ ਹੈ ਕਿ ਸੁਖਦੇਵ ਸਿੰਘ ਢੀਂਡਸਾ ਦੇ ਘਰ ਰਾਜਨੀਤੀ ਵਿੱਚ ਆਉਣ ਤੇ ਨਵੇਂ ਦਲ ਦਾ ਪ੍ਰਧਾਨ ਬਣਨ ਦੀ ਸਾਡੀ ਸਾਜਿਸ਼ ਪਹਿਲਾਂ ਹੀ ਬਣ ਗਈ ਸੀ। ਜਿਸ ਤੋਂ ਸਾਫ਼ ਹੈ ਕਿ ਉਹ ਸੁਖਬੀਰ ਸਿੰਘ ਬਾਦਲ ਨੂੰ ਰਾਜਨੀਤੀ 'ਚੋਂ ਲਾਂਭੇ ਕਰ ਖੁਦ ਪਾਰਟੀ 'ਤੇ ਕਬਜ਼ਾ ਕਰਨਾ ਚਾਹੁੰਦਾ ਸੀ ਜੋ ਕਿ ਇਸਦੀ ਚਾਲ ਸਿਰੇ ਨਹੀਂ ਚੜ੍ਹ ਸਕੀ। ਉਨ੍ਹਾਂ ਕਿਹਾ ਕਿ ਇਹ ਗੱਲ ਪਹਿਲਾਂ ਵੀ ਸਾਹਮਣੇ ਆਈ ਸੀ ਕਿ ਪ੍ਰਧਾਨ ਬਣਨ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਸੱਤਾ ਦੇ ਲਾਲਚ ਵਸ ਹੋ ਕੇ ਪੰਥ, ਪੰਜਾਬ ਅਤੇ ਅਕਾਲੀ ਦਲ ਨੂੰ ਖਤਮ ਕਰਨ ਲਈ ਦੂਜਿਆਂ ਦੇ ਹੱਥਾਂ ਦੀ ਕਠਪੁਤਲੀ ਬਣ ਕੇ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇੰਟਰਵਿਊ ਦੌਰਾਨ ਹਰਪ੍ਰੀਤ ਸਿੰਘ ਇਹ ਗੱਲ ਵੀ ਆਪ ਹੀ ਮੰਨ ਰਹੇ ਹਨ ਕਿ ਇਸ ਨਵੇਂ ਦਲ ਦਾ ਪ੍ਰਧਾਨ ਬਣਨ ਦਾ ਫੈਸਲਾ ਢੀਂਡਸਾ ਸਾਹਿਬ ਦੇ ਘਰ ਪਹਿਲਾਂ ਹੀ ਲੈ ਲਿਆ ਗਿਆ ਸੀ ਕਿਉਂਕਿ ਮੇਰੇ ਵੱਲੋਂ ਇਹ ਅਸਿੱਧੀ ਸ਼ਰਤ ਰੱਖੀ ਸੀ ਕਿ ਜੇ ਮੈਨੂੰ ਹੀ ਪ੍ਰਧਾਨ ਬਣਾਓਗੇ ਤਾਂ ਮੈਂ ਤਿਆਰ ਹਾਂ। ਜਦਕਿ ਇਸ ਤੋਂ ਪਹਿਲਾ ਪ੍ਰੇਮ ਸਿੰਘ ਚੰਦੂਮਾਜਰਾ ਵੀ ਮੰਨ ਚੁੱਕੇ ਹਨ ਕਿ ਜੋ 2 ਦਸੰਬਰ ਤੋਂ ਬਾਅਦ ਹੋਇਆ ਇਹ ਸਭ ਢੀਂਡਸੇ ਦੇ ਘਰ ਪਹਿਲਾਂ ਹੀ ਤਹਿ ਹੋ ਚੁੱਕਾ ਸੀ। ਤਾਂ ਫਿਰ ਭਰਤੀ ਕਰਨ ਦਾ ਡਰਾਮਾ ਰਚਦੇ ਹੋਏ ਸੰਗਤਾਂ ਦੀਆਂ ਭਾਵਨਾਵਾਂ ਦੇ ਨਾਲ ਖਿਲਵਾੜ ਕਰਕੇ ਉਨ੍ਹਾਂ ਨੂੰ ਗੁੰਮਰਾਹ ਕਰਨ ਦੀਆਂ ਕੋਸ਼ਿਸ਼ਾਂ ਕਿਉਂ ਕੀਤੀਆਂ ਗਈਆਂ। ਰਣਜੀਤ ਸਿੰਘ ਢਿੱਲੋਂ ਅਤੇ ਭੁਪਿੰਦਰ ਸਿੰਘ ਭਿੰਦਾ ਨੇ ਕਿਹਾ ਕਿ ਗੁਰੂ ਸਾਹਿਬ ਬਹੁਤ ਬੇਅੰਤ ਹਨ। ਕਿਸੇ ਵੀ ਮਨੁੱਖ ਵੱਲੋਂ ਕੀਤੀਆਂ ਚਲਾਕੀਆਂ ਅਤੇ ਸਾਜਿਸ਼ਾਂ ਨੂੰ ਉਸਦੇ ਹੀ ਮੂੰਹੋਂ ਮਨਵਾ ਦਿੰਦੇ ਹਨ। ਜਿਸ ਦੇ ਚੱਲਦਿਆਂ ਸਮੂਹ ਪੰਜਾਬੀਆਂ ਸਮੇਤ ਸਮੁੱਚੇ ਪੰਥ ਨੂੰ ਸਮਝ ਜਾਣਾ ਚਾਹੀਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਹੀ ਉਹਨਾਂ ਦੀ ਆਪਣੀ ਪੰਥਕ ਪੰਜਾਬ ਹਿਤੈਸ਼ੀ ਜਥੇਬੰਦੀ ਹੈ ਜਿਸ ਨੂੰ ਖੋਰਾ ਲਾਉਣ ਲਈ ਬਹੁਤ ਤਰ੍ਹਾਂ ਦੀਆਂ ਸਿਆਸੀ ਤੇ ਘਿਨੌਣੀਆਂ ਚਾਲਾਂ ਚਲੀਆਂ ਗਈਆਂ ਜੋ ਕਿ ਹੁਣ ਸਾਹਮਣੇ ਆ ਰਹੀਆਂ ਹਨ ਜਿਸ ਦੇ ਚੱਲਦਿਆਂ ਸਾਨੂੰ ਸਾਰਿਆਂ ਨੂੰ ਇੱਕ ਵਾਰ ਫਿਰ ਤੋਂ ਅਕਾਲੀ ਦਲ ਨੂੰ ਮਜ਼ਬੂਤ ਕਰਕੇ ਸੱਤਾ ਦੀ ਡੋਰ ਸੁਖਬੀਰ ਸਿੰਘ ਬਾਦਲ ਦੇ ਹੱਥ ਦੇਣੀ ਚਾਹੀਦੀ ਹੈ ਤਾਂ ਜੋ ਪੰਜਾਬ ਨੂੰ ਐਸੇ ਨੁਕਸਾਨਾਂ ਤੋਂ ਬਚਾਇਆ ਜਾ ਸਕੇ।
Posted By: Daily Suraj Bureau