ਈਰਾਨ-ਇਜ਼ਰਾਈਲ ਟਕਰਾਅ ਦੇ ਦਰਮਿਆਨ ਅਮਰੀਕਾ ਦਾ ਵੱਡਾ ਫੈਸਲਾ, ਕਰਾਚੀ ਤੋਂ ਗੈਰ-ਜ਼ਰੂਰੀ ਸਟਾਫ ਨੂੰ ਨਿਕਲਣ ਦੇ ਹੁਕਮ
ਅਮਰੀਕਾ, ਇਜ਼ਰਾਈਲ ਅਤੇ ਈਰਾਨ ਵਿਚਕਾਰ ਚੱਲ ਰਹੇ ਟਕਰਾਅ ਦੇ ਪੰਜਵੇਂ ਦਿਨ ਸੁਰੱਖਿਆ ਹਾਲਾਤਾਂ ਨੂੰ ਦੇਖਦਿਆਂ ਅਮਰੀਕਾ ਨੇ ਪਾਕਿਸਤਾਨ ਵਿੱਚ ਆਪਣੇ ਕਰਮਚਾਰੀਆਂ ਲਈ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਅਮਰੀਕਾ ਨੇ ਕਰਾਚੀ ਅਤੇ ਲਾਹੌਰ ਵਿੱਚ ਸਥਿਤ ਆਪਣੇ ਦੂਤਾਵਾਸਾਂ ਵਿੱਚ ਕੰਮ ਕਰ ਰਹੇ ਗੈਰ-ਜ਼ਰੂਰੀ ਸਟਾਫ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਪਾਕਿਸਤਾਨ ਛੱਡਣ ਲਈ ਕਿਹਾ ਹੈ। ਇਹ ਕਦਮ ਕਰਾਚੀ ਵਿੱਚ ਅਮਰੀਕੀ ਕੌਂਸਲੇਟ ਦੇ ਬਾਹਰ ਹੋਏ ਹਿੰਸਕ ਪ੍ਰਦਰਸ਼ਨਾਂ ਤੋਂ ਬਾਅਦ ਚੁੱਕਿਆ ਗਿਆ ਹੈ। ਐਤਵਾਰ ਨੂੰ ਹੋਏ ਵਿਰੋਧ ਪ੍ਰਦਰਸ਼ਨਾਂ ਦੌਰਾਨ ਦਸ ਲੋਕਾਂ ਦੀ ਮੌਤ ਹੋ ਗਈ ਜਦਕਿ ਲਗਭਗ 60 ਲੋਕ ਜ਼ਖਮੀ ਹੋਏ। ਪ੍ਰਦਰਸ਼ਨਕਾਰੀਆਂ ਵਿੱਚੋਂ ਕੁਝ ਲੋਕਾਂ ਨੇ ਕੌਂਸਲੇਟ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਵੀ ਕੀਤੀ ਸੀ। ਇਸੇ ਦੌਰਾਨ ਪਾਕਿਸਤਾਨ ਦੇ ਵੱਖ-ਵੱਖ ਹਿੱਸਿਆਂ ਵਿੱਚ ਪ੍ਰਦਰਸ਼ਨਕਾਰੀਆਂ ਅਤੇ ਸੁਰੱਖਿਆ ਬਲਾਂ ਵਿਚਕਾਰ ਝੜਪਾਂ ਹੋਈਆਂ, ਜਿਨ੍ਹਾਂ ਵਿੱਚ ਹੁਣ ਤੱਕ ਕੁੱਲ 24 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਥਿਤੀ ਨੂੰ ਕਾਬੂ ਵਿੱਚ ਰੱਖਣ ਲਈ ਸੁਰੱਖਿਆ ਬਲਾਂ ਵੱਲੋਂ ਕੜੇ ਇੰਤਜ਼ਾਮ ਕੀਤੇ ਗਏ ਹਨ। ਉੱਧਰ, ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਦਫਤਰ ਨੇ ਈਰਾਨ ਵਿੱਚ ਇੱਕ ਕੁੜੀਆਂ ਦੇ ਸਕੂਲ ‘ਤੇ ਹੋਏ ਹਮਲੇ ਦੀ ਜਾਂਚ ਦੀ ਮੰਗ ਕੀਤੀ ਹੈ। ਇਸ ਹਮਲੇ ਵਿੱਚ 150 ਵਿਦਿਆਰਥਣਾਂ ਦੀ ਮੌਤ ਹੋ ਗਈ ਸੀ। ਹਾਲਾਂਕਿ ਅਜੇ ਤੱਕ ਇਹ ਸਪਸ਼ਟ ਨਹੀਂ ਹੋਇਆ ਕਿ ਹਮਲੇ ਲਈ ਜ਼ਿੰਮੇਵਾਰ ਕੌਣ ਹੈ। ਇਹ ਸਕੂਲ ਦੱਖਣੀ ਈਰਾਨ ਵਿੱਚ ਸਥਿਤ ਹੈ ਅਤੇ ਸ਼ਨੀਵਾਰ ਨੂੰ ਇਸ ‘ਤੇ ਹਮਲਾ ਕੀਤਾ ਗਿਆ ਸੀ। ਉਸੇ ਦਿਨ ਅਮਰੀਕਾ ਅਤੇ ਇਜ਼ਰਾਈਲ ਨੇ ਈਰਾਨ ਵਿਰੁੱਧ ਫੌਜੀ ਕਾਰਵਾਈ ਦੀ ਸ਼ੁਰੂਆਤ ਕੀਤੀ ਸੀ। ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਕਿਹਾ ਹੈ ਕਿ ਅਮਰੀਕੀ ਫੌਜ ਕਦੇ ਵੀ ਜਾਣਬੁੱਝ ਕੇ ਸਕੂਲਾਂ ਨੂੰ ਨਿਸ਼ਾਨਾ ਨਹੀਂ ਬਣਾਉਂਦੀ। ਇਸੇ ਸਮੇਂ ਇਜ਼ਰਾਈਲ ਨੇ ਵੀ ਦੱਸਿਆ ਹੈ ਕਿ ਉਹ ਇਸ ਘਟਨਾ ਦੀ ਜਾਂਚ ਕਰ ਰਿਹਾ ਹੈ।
Posted By: Daily Suraj Bureau