ਪਟਿਆਲਾ ਕੇਂਦਰੀ ਜੇਲ੍ਹ ‘ਚ ਖੂਨੀ ਝੜਪ, ਇੱਕ ਕੈਦੀ ਦੀ ਮੌਤ, ਦੂਜਾ ਗੰਭੀਰ ਜ਼ਖ਼ਮੀ
ਪਟਿਆਲਾ ਕੇਂਦਰੀ ਜੇਲ੍ਹ ਵਿੱਚ ਕੈਦੀਆਂ ਵਿਚਾਲੇ ਹੋਈ ਹਿੰਸਕ ਝੜਪ ਦੌਰਾਨ ਇੱਕ ਕੈਦੀ ਦੀ ਮੌਤ ਹੋ ਗਈ, ਜਦਕਿ ਇੱਕ ਹੋਰ ਕੈਦੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਹਮਲੇ ਦਾ ਸ਼ਿਕਾਰ ਹੋਏ ਦੋਵੇਂ ਕੈਦੀ ਸਕੇ ਭਰਾ ਸਨ ਅਤੇ ਉਹ ਐਨਡੀਪੀਐਸ (NDPS) ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਸਨ। ਮੁੱਢਲੇ ਤੌਰ ‘ਤੇ ਇਸ ਘਟਨਾ ਦੇ ਪਿੱਛੇ ਪੁਰਾਣੀ ਰੰਜਿਸ਼ ਨੂੰ ਕਾਰਨ ਮੰਨਿਆ ਜਾ ਰਿਹਾ ਹੈ। ਮ੍ਰਿਤਕ ਅਤੇ ਜ਼ਖ਼ਮੀ ਭਰਾਵਾਂ ਦੀ ਪਛਾਣ ਅਜੈ ਅਤੇ ਵਿਜੇ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਉਨ੍ਹਾਂ ‘ਤੇ ਹਮਲਾ ਕਰਨ ਵਾਲੇ ਕੈਦੀ ਅੰਮ੍ਰਿਤਸਰ ਨਾਲ ਸਬੰਧਤ ਦੱਸੇ ਜਾ ਰਹੇ ਹਨ। ਹਮਲੇ ਦੌਰਾਨ ਅਜੈ ਦੀ ਮੌਤ ਹੋ ਗਈ, ਜਦਕਿ ਵਿਜੇ ਦਾ ਹੱਥ ਟੁੱਟ ਗਿਆ। ਜ਼ਖ਼ਮੀ ਵਿਜੇ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਅਜੈ ਦਾ ਪੋਸਟਮਾਰਟਮ ਅੱਜ ਪਟਿਆਲਾ ਵਿੱਚ ਕੀਤਾ ਜਾ ਰਿਹਾ ਹੈ। ਮੁੱਢਲੀ ਜਾਂਚ ਅਨੁਸਾਰ ਅਜੈ ਅਤੇ ਵਿਜੇ ਦੀ ਅੰਮ੍ਰਿਤਸਰ ਨਾਲ ਸਬੰਧਤ ਕੁਝ ਕੈਦੀਆਂ ਨਾਲ ਝੜਪ ਹੋਈ ਸੀ। ਪੁਲਿਸ ਨੂੰ ਸ਼ੱਕ ਹੈ ਕਿ ਇਹ ਹਮਲਾ ਪੁਰਾਣੀ ਦੁਸ਼ਮਣੀ ਦਾ ਨਤੀਜਾ ਹੋ ਸਕਦਾ ਹੈ। ਪੁਲਿਸ ਨੇ ਦੱਸਿਆ ਕਿ ਘਟਨਾ ਵਾਲੇ ਦਿਨ ਸੱਤ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਝਗੜੇ ਦਾ ਮਾਮਲਾ ਦਰਜ ਕੀਤਾ ਗਿਆ ਸੀ। ਹੁਣ ਅਜੈ ਦੀ ਮੌਤ ਤੋਂ ਬਾਅਦ ਇਸ ਕੇਸ ਵਿੱਚ ਕਤਲ ਦੀ ਧਾਰਾ ਵੀ ਸ਼ਾਮਲ ਕੀਤੀ ਜਾਵੇਗੀ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।
Posted By: Daily Suraj Bureau