ਖੇਡ ਜਗਤ ਦੀਆਂ ਹਸਤੀਆਂ ਦਾ ‘ਆਪ’ ਵੱਲ ਰੁਝਾਨ ਜਾਰੀ
ਇੰਟਰਨੈਸ਼ਨਲ ਰੈਸਲਰ ਅਤੇ ‘ਇੰਡੀਆਜ਼ ਸਟਰੌਂਗੇਸਟ ਮੈਨ’ ਦਾ ਖਿਤਾਬ ਜਿੱਤਣ ਵਾਲੇ ਇੰਦਰਪ੍ਰੀਤ ਸਿੰਘ (ਸੁਪਰ ਖਾਲਸਾ) ਆਮ ਆਦਮੀ ਪਾਰਟੀ (ਆਪ) ਵਿੱਚ ਸ਼ਾਮਲ ਹੋ ਗਏ ਹਨ। ਉਨ੍ਹਾਂ ਨੂੰ ਮੁੱਖ ਮੰਤਰੀ ਦੇ ਦਫ਼ਤਰ ਨਾਲ ਸੰਬੰਧਿਤ ਓਐਸਡੀ ਰਾਜਬੀਰ ਸਿੰਘ ਘੁੰਮਣ ਨੇ ਪਾਰਟੀ ਵਿੱਚ ਵਿਧਿਵਤ ਸ਼ਮੂਲੀਅਤ ਕਰਵਾਈ। ਇੰਦਰਪ੍ਰੀਤ ਸਿੰਘ ਖੇਡ ਜਗਤ ਵਿੱਚ ਇੱਕ ਮਸ਼ਹੂਰ ਨਾਮ ਹਨ ਅਤੇ ਉਨ੍ਹਾਂ ਦੀ ਇਹ ਸਿਆਸੀ ਐਂਟਰੀ ਪੰਜਾਬ ਦੀ ਰਾਜਨੀਤੀ ਵਿੱਚ ਮਹੱਤਵਪੂਰਨ ਮੰਨੀ ਜਾ ਰਹੀ ਹੈ। ‘ਇੰਡੀਆਜ਼ ਸਟਰੌਂਗੇਸਟ ਮੈਨ’ ਦਾ ਖਿਤਾਬ ਜਿੱਤਣ ਵਾਲੇ ਖਿਡਾਰੀ ਦੇ ਤੌਰ ‘ਤੇ ਉਹ ਪਹਿਲਾਂ ਹੀ ਯੁਵਾਂ ਵਿੱਚ ਕਾਫ਼ੀ ਲੋਕਪ੍ਰਿਯ ਹਨ। ਦੱਸਣਯੋਗ ਹੈ ਕਿ ਪਿਛਲੇ ਕੁਝ ਦਿਨਾਂ ਦੌਰਾਨ ਖੇਡ ਜਗਤ ਦੀਆਂ ਕਈ ਪ੍ਰਮੁੱਖ ਹਸਤੀਆਂ ਨੇ ਵੀ ਆਮ ਆਦਮੀ ਪਾਰਟੀ ਦਾ ਦਾਮਨ ਫੜਿਆ ਹੈ। ਇਨ੍ਹਾਂ ਵਿੱਚ ਕਬੱਡੀ ਦੇ ਮਸ਼ਹੂਰ ਖਿਡਾਰੀ ਅਤੇ ਦੁਨੀਆ ਭਰ ਵਿੱਚ ‘ਕਲੋਜ਼ ਫਾਈਟਰ’ ਦੇ ਨਾਮ ਨਾਲ ਜਾਣੇ ਜਾਂਦੇ ਪਾਲਾ ਜਲਾਲਪੁਰੀਆ, ‘ਰੁਸਤਮ-ਏ-ਹਿੰਦ’ ਜੱਸਾ ਪੱਟੀ ਅਤੇ ਪ੍ਰਸਿੱਧ ਪਹਿਲਵਾਨ ਪ੍ਰਿਤਪਾਲ ਸਿੰਘ ਫਗਵਾੜਾ ਵੀ ਸ਼ਾਮਲ ਹਨ। ਪਾਰਟੀ ਵਿੱਚ ਖੇਡ ਜਗਤ ਨਾਲ ਜੁੜੀਆਂ ਇਨ੍ਹਾਂ ਹਸਤੀਆਂ ਦੀ ਲਗਾਤਾਰ ਸ਼ਮੂਲੀਅਤ ਨੂੰ ਆਪ ਵੱਲ ਵਧਦੇ ਰੁਝਾਨ ਦੇ ਤੌਰ ‘ਤੇ ਦੇਖਿਆ ਜਾ ਰਿਹਾ ਹੈ, ਜਿਸ ਨਾਲ ਯੁਵਾ ਵਰਗ ‘ਚ ਪਾਰਟੀ ਦੀ ਪਹੁੰਚ ਹੋਰ ਮਜ਼ਬੂਤ ਹੋ ਸਕਦੀ ਹੈ।
Posted By: Daily Suraj Bureau