ਡੋਨਾਲਡ ਟਰੰਪ ਦੇ ਪਰਿਵਾਰ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਨਾਕਾਮ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧੀ ਇਵਾਂਕਾ ਟਰੰਪ ਦੀ ਹੱਤਿਆ ਦੀ ਕਥਿਤ ਸਾਜ਼ਿਸ਼ ਦਾ ਪਰਦਾਫਾਸ਼ ਹੋਇਆ ਹੈ। ਇੱਕ ਰਿਪੋਰਟ ਅਨੁਸਾਰ, ਈਰਾਨ ਦੀ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ (IRGC) ਨਾਲ ਜੁੜੇ ਤੱਤਾਂ ਵੱਲੋਂ ਸਿਖਲਾਈ ਪ੍ਰਾਪਤ ਇੱਕ ਸ਼ੱਕੀ ਵਿਅਕਤੀ ਨੇ ਇਵਾਂਕਾ ਟਰੰਪ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਤਿਆਰ ਕੀਤੀ ਸੀ। ਰਿਪੋਰਟ ਮੁਤਾਬਕ, ਐਫਬੀਆਈ ਨੇ 32 ਸਾਲਾ ਇਰਾਕੀ ਨਾਗਰਿਕ ਮੁਹੰਮਦ ਬਾਕਰ ਸਾਦ ਦਾਊਦ ਅਲ-ਸਾਦੀ ਨੂੰ ਗ੍ਰਿਫਤਾਰ ਕੀਤਾ ਹੈ। ਉਸ ‘ਤੇ ਦੋਸ਼ ਹੈ ਕਿ ਉਸ ਨੇ ਇਵਾਂਕਾ ਟਰੰਪ ਦੀ ਹੱਤਿਆ ਕਰਨ ਲਈ ਸਾਜ਼ਿਸ਼ ਰਚੀ ਸੀ। ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਉਹ 2020 ਵਿੱਚ ਹੋਏ ਅਮਰੀਕੀ ਡਰੋਨ ਹਮਲੇ ਦਾ ਬਦਲਾ ਲੈਣਾ ਚਾਹੁੰਦਾ ਸੀ, ਜਿਸ ਵਿੱਚ ਈਰਾਨੀ ਫੌਜੀ ਕਮਾਂਡਰ ਕਾਸਿਮ ਸੁਲੇਮਾਨੀ ਮਾਰਿਆ ਗਿਆ ਸੀ। ਜਾਂਚ ਏਜੰਸੀਆਂ ਦੇ ਅਨੁਸਾਰ, ਮੁਹੰਮਦ ਬਾਕਰ ਕੋਲ ਇਵਾਂਕਾ ਟਰੰਪ ਦੇ ਫਲੋਰੀਡਾ ਸਥਿਤ ਘਰ ਦਾ ਬਲੂਪ੍ਰਿੰਟ ਵੀ ਮਿਲਿਆ ਸੀ। ਇਸਦੇ ਨਾਲ ਹੀ ਉਸ ‘ਤੇ ਔਨਲਾਈਨ ਧਮਕੀਆਂ ਪੋਸਟ ਕਰਨ ਦੇ ਦੋਸ਼ ਵੀ ਲਗੇ ਹਨ। ਕਥਿਤ ਤੌਰ ‘ਤੇ ਉਸ ਨੇ ਅਮਰੀਕੀ ਨਾਗਰਿਕਾਂ ਨੂੰ ਚੇਤਾਵਨੀ ਦਿੰਦਿਆਂ ਲਿਖਿਆ ਸੀ ਕਿ “ਨਾ ਤੁਹਾਡਾ ਘਰ ਅਤੇ ਨਾ ਹੀ ਗੁਪਤ ਸੇਵਾ ਤੁਹਾਡੀ ਰੱਖਿਆ ਕਰ ਸਕੇਗੀ।” ਖ਼ਬਰਾਂ ਮੁਤਾਬਕ, ਸ਼ੱਕੀ ਨੂੰ 15 ਮਈ ਨੂੰ ਤੁਰਕੀ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਸਨੂੰ ਅਮਰੀਕਾ ਭੇਜ ਦਿੱਤਾ ਗਿਆ। ਅਧਿਕਾਰੀਆਂ ਦਾ ਦੋਸ਼ ਹੈ ਕਿ ਉਹ ਯੂਰਪ ਅਤੇ ਉੱਤਰੀ ਅਮਰੀਕਾ ਵਿੱਚ ਹੋਏ 18 ਹਮਲਿਆਂ ਅਤੇ ਹਮਲੇ ਦੀਆਂ ਕੋਸ਼ਿਸ਼ਾਂ ਨਾਲ ਵੀ ਜੁੜਿਆ ਹੋਇਆ ਸੀ। ਇਨ੍ਹਾਂ ਵਿੱਚ ਅੱਗ ਲਗਾਉਣ ਵਾਲੇ ਬੰਬ, ਗੋਲੀਬਾਰੀ, ਚਾਕੂ ਹਮਲੇ ਅਤੇ ਯਹੂਦੀ ਸਥਾਨਾਂ ਅਤੇ ਅਮਰੀਕੀ ਕੂਟਨੀਤਿਕ ਸਹੂਲਤਾਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਘਟਨਾਵਾਂ ਸ਼ਾਮਲ ਹਨ। ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਅਲ-ਸਾਦੀ ਕਟੈਬ ਹਿਜ਼ਬੁੱਲਾ ਨਾਮਕ ਈਰਾਨ-ਸਮਰਥਿਤ ਮਿਲੀਸ਼ੀਆ ਲਈ ਕੰਮ ਕਰਦਾ ਸੀ ਅਤੇ ਉਸਦੇ IRGC ਨਾਲ ਨਜ਼ਦੀਕੀ ਸੰਬੰਧ ਸਨ।
Posted By: Daily Suraj Bureau