Daily Suraj

ਪੰਜਾਬੀ

ਰੋਹਿੰਗਿਆ ਸ਼ਰਨਾਰਥੀਆਂ ਨੂੰ ਲੈ ਕੇ ਜਾ ਰਹੀਆਂ ਦੋ ਕਿਸ਼ਤੀਆਂ ਸਮੁੰਦਰ ਵਿੱਚ ਪਲਟੀਆਂ, 500 ਤੋਂ ਵੱਧ ਮੌਤਾਂ ਦਾ ਖਦਸ਼ਾ

16 Jul, 2026 06:30 PM

ਮਿਆਂਮਾਰ ਦੇ ਤੱਟ ਨੇੜੇ ਬੰਗਾਲ ਦੀ ਖਾੜੀ ਵਿੱਚ ਰੋਹਿੰਗਿਆ ਸ਼ਰਨਾਰਥੀਆਂ ਨੂੰ ਲੈ ਕੇ ਜਾ ਰਹੀਆਂ ਦੋ ਕਿਸ਼ਤੀਆਂ ਪਲਟਣ ਦੀ ਘਟਨਾ ਸਾਹਮਣੇ ਆਈ ਹੈ। ਸ਼ੁਰੂਆਤੀ ਜਾਣਕਾਰੀ ਅਨੁਸਾਰ ਇਸ ਹਾਦਸੇ ਵਿੱਚ 500 ਤੋਂ ਵੱਧ ਲੋਕਾਂ ਦੀ ਮੌਤ ਹੋਣ ਦਾ ਖਦਸ਼ਾ ਜਤਾਇਆ ਗਿਆ ਹੈ। ਇੰਟਰਨੈਸ਼ਨਲ ਆਰਗੇਨਾਈਜ਼ੇਸ਼ਨ ਫਾਰ ਮਾਈਗ੍ਰੇਸ਼ਨ (IOM) ਅਤੇ ਸੰਯੁਕਤ ਰਾਸ਼ਟਰ ਸ਼ਰਨਾਰਥੀ ਹਾਈ ਕਮਿਸ਼ਨਰ (UNHCR) ਵੱਲੋਂ ਜਾਰੀ ਸਾਂਝੇ ਬਿਆਨ ਅਨੁਸਾਰ, ਦੋਵੇਂ ਕਿਸ਼ਤੀਆਂ ਜੂਨ ਦੇ ਅਖੀਰ ਵਿੱਚ ਮਿਆਂਮਾਰ ਦੇ ਪੱਛਮੀ ਰਾਜ ਰਖਾਈਨ ਤੋਂ ਰਵਾਨਾ ਹੋਈਆਂ ਸਨ। ਇਨ੍ਹਾਂ ਵਿੱਚ ਜ਼ਿਆਦਾਤਰ ਰੋਹਿੰਗਿਆ ਸ਼ਰਨਾਰਥੀ ਸਵਾਰ ਸਨ, ਜਦਕਿ ਕੁਝ ਯਾਤਰੀ ਬੰਗਲਾਦੇਸ਼ ਵਿੱਚ ਸਥਿਤ ਸ਼ਰਨਾਰਥੀ ਕੈਂਪਾਂ ਤੋਂ ਵੀ ਆਏ ਹੋਏ ਸਨ। ਦੋਵੇਂ ਏਜੰਸੀਆਂ ਨੇ ਆਪਣੇ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਘਟਨਾ ਅਤੇ ਮ੍ਰਿਤਕਾਂ ਦੀ ਗਿਣਤੀ ਦੀ ਅਜੇ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਹਾਲਾਂਕਿ, UNHCR ਅਤੇ IOM ਨੇ ਸੰਭਾਵਿਤ ਤੌਰ 'ਤੇ ਹੋਏ ਵੱਡੇ ਜਾਨੀ ਨੁਕਸਾਨ ਨੂੰ ਲੈ ਕੇ ਗੰਭੀਰ ਚਿੰਤਾ ਜ਼ਾਹਰ ਕੀਤੀ ਹੈ। UNHCR ਅਤੇ IOM ਮੁਤਾਬਕ, ਪਹਿਲੀ ਕਿਸ਼ਤੀ ਦਾ ਰਵਾਨਾ ਹੋਣ ਤੋਂ ਕੁਝ ਸਮੇਂ ਬਾਅਦ ਹੀ ਸੰਪਰਕ ਟੁੱਟ ਗਿਆ ਸੀ। ਇਸ ਵਿੱਚ ਕਰੀਬ 250 ਲੋਕ ਸਵਾਰ ਸਨ। ਦੂਜੀ ਕਿਸ਼ਤੀ ਵਿੱਚ ਲਗਭਗ 280 ਯਾਤਰੀ ਸਵਾਰ ਸਨ ਅਤੇ ਇਸ ਦੇ 8 ਜੁਲਾਈ ਨੂੰ ਮਿਆਂਮਾਰ ਦੇ ਅਯੇਯਾਰਵਾਡੀ ਤੱਟ ਨੇੜੇ ਡੁੱਬਣ ਦਾ ਖਦਸ਼ਾ ਜਤਾਇਆ ਗਿਆ ਹੈ। ਅਧਿਕਾਰਤ ਪੁਸ਼ਟੀ ਦੀ ਉਡੀਕ ਦੇ ਬਾਵਜੂਦ, ਇਸ ਘਟਨਾ ਨੂੰ ਰੋਹਿੰਗਿਆ ਸ਼ਰਨਾਰਥੀਆਂ ਨਾਲ ਜੁੜੀਆਂ ਸਭ ਤੋਂ ਗੰਭੀਰ ਸਮੁੰਦਰੀ ਤ੍ਰਾਸਦੀਆਂ ਵਿੱਚੋਂ ਇੱਕ ਮੰਨਿਆ ਜਾ ਰਿਹਾ ਹੈ। ਸੰਯੁਕਤ ਰਾਸ਼ਟਰ ਦੀਆਂ ਏਜੰਸੀਆਂ ਵੱਲੋਂ ਸਥਿਤੀ 'ਤੇ ਨਜ਼ਰ ਰੱਖੀ ਜਾ ਰਹੀ ਹੈ।

Posted By: Daily Suraj Bureau

Latest News