ਮਹਾਰਾਸ਼ਟਰ ਦੇ ਡਿੰਡੋਰੀ ਵਿੱਚ ਭਿਆਨਕ ਘਟਨਾ, ਕਾਰ ਖੂਹ ਵਿੱਚ ਡਿੱਗਣ ਨਾਲ ਨੌਂ ਜਾਨਾਂ ਗੁਆਈਆਂ
ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ ਦੇ ਡਿੰਡੋਰੀ ਇਲਾਕੇ ਵਿੱਚ ਸ਼ੁੱਕਰਵਾਰ ਰਾਤ ਇੱਕ ਭਿਆਨਕ ਹਾਦਸਾ ਵਾਪਰਿਆ, ਜਿਸ ਵਿੱਚ ਇੱਕੋ ਪਰਿਵਾਰ ਦੇ ਨੌਂ ਮੈਂਬਰਾਂ ਦੀ ਮੌਤ ਹੋ ਗਈ। ਇਹ ਹਾਦਸਾ ਉਸ ਵੇਲੇ ਹੋਇਆ ਜਦੋਂ ਇੱਕ ਕਾਰ ਪਾਣੀ ਨਾਲ ਭਰੇ ਖੂਹ ਵਿੱਚ ਡਿੱਗ ਗਈ। ਪੁਲਿਸ ਮੁਤਾਬਕ, ਇਹ ਘਟਨਾ ਨਾਸਿਕ ਤੋਂ ਕਰੀਬ 40 ਕਿਲੋਮੀਟਰ ਦੂਰ ਡਿੰਡੋਰੀ ਤਾਲੁਕਾ ਦੇ ਸ਼ਿਵਾਜੀਨਗਰ ਖੇਤਰ ਵਿੱਚ ਰਾਤ ਕਰੀਬ 11:30 ਵਜੇ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਦੇ ਮੈਂਬਰ ਇੱਕ ਸਮਾਗਮ ਵਿੱਚ ਸ਼ਾਮਲ ਹੋਣ ਤੋਂ ਬਾਅਦ ਘਰ ਵਾਪਸ ਆ ਰਹੇ ਸਨ। ਇਸ ਦੌਰਾਨ ਡਰਾਈਵਰ ਨੇ ਗੱਡੀ ‘ਤੇ ਕਾਬੂ ਗੁਆ ਦਿੱਤਾ, ਜਿਸ ਕਾਰਨ ਕਾਰ ਸਿੱਧੀ ਖੂਹ ਵਿੱਚ ਡਿੱਗ ਗਈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪ੍ਰਸ਼ਾਸਨ, ਪੁਲਿਸ, ਨਗਰ ਪੰਚਾਇਤ ਦੀ ਫਾਇਰ ਬ੍ਰਿਗੇਡ, ਆਫ਼ਤ ਪ੍ਰਬੰਧਨ ਟੀਮਾਂ ਅਤੇ ਸਮਾਜ ਸੇਵਕ ਤੁਰੰਤ ਮੌਕੇ ‘ਤੇ ਪਹੁੰਚੇ ਅਤੇ ਬਚਾਅ ਕਾਰਜ ਸ਼ੁਰੂ ਕੀਤਾ ਗਿਆ। ਖੂਹ ਪੂਰੀ ਤਰ੍ਹਾਂ ਪਾਣੀ ਨਾਲ ਭਰਿਆ ਹੋਣ ਕਾਰਨ ਰਾਹਤ ਕਾਰਜਾਂ ਵਿੱਚ ਕਾਫ਼ੀ ਦਿਕ਼ਤਾਂ ਆਈਆਂ। ਅਧਿਕਾਰੀਆਂ ਨੇ ਦੋ ਕਰੇਨਾਂ ਦੀ ਮਦਦ ਨਾਲ ਅੱਧੀ ਰਾਤ ਨੂੰ ਕਾਰ ਨੂੰ ਖੂਹ ਵਿੱਚੋਂ ਬਾਹਰ ਕੱਢਿਆ। ਕਾਰ ਵਿੱਚੋਂ ਨੌਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ, ਜਦਕਿ ਖੂਹ ਵਿੱਚ ਡੁੱਬੀ ਇੱਕ ਕੁੜੀ ਦੀ ਲਾਸ਼ ਦੀ ਤਲਾਸ਼ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ। ਮ੍ਰਿਤਕਾਂ ਦੀ ਪਛਾਣ ਸੁਨੀਲ ਦੱਤਾਤ੍ਰੇਯ ਦਰਗੋੜੇ (34), ਉਸਦੀ ਪਤਨੀ ਰੇਸ਼ਮਾ ਸੁਨੀਲ ਦਰਗੋੜੇ (30), ਧੀ ਰਾਖੀ ਉਰਫ਼ ਗੁਣਵੰਤੀ (10), ਅਤੇ ਦੋ ਭਤੀਜੀਆਂ ਮਾਧੁਰੀ ਅਨਿਲ ਦਰਗੋੜੇ (13) ਅਤੇ ਸ਼ਰਵਣ ਅਨਿਲ ਦਰਗੋੜੇ (11) ਵਜੋਂ ਹੋਈ ਹੈ। ਇਸ ਤੋਂ ਇਲਾਵਾ ਆਸ਼ਾ ਅਨਿਲ ਦਰਗੋੜੇ (32), ਉਸਦਾ ਪੁੱਤਰ ਸ਼੍ਰੇਯਸ਼ ਅਨਿਲ ਦਰਗੋੜੇ (11), ਧੀ ਸ੍ਰਿਸ਼ਟੀ ਅਨਿਲ ਦਰਗੋੜੇ (14) ਅਤੇ ਭਤੀਜੀ ਸਮ੍ਰਿਧੀ ਰਾਜੇਸ਼ ਦਰਗੋੜੇ (7) ਦੀ ਵੀ ਇਸ ਹਾਦਸੇ ਵਿੱਚ ਮੌਤ ਹੋ ਗਈ। ਡਿੰਡੋਰੀ ਪੁਲਿਸ ਨੇ ਇਸ ਮਾਮਲੇ ਨੂੰ ਦਰਜ ਕਰਕੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
Posted By: Daily Suraj Bureau