Daily Suraj

ਪੰਜਾਬੀ

ਬੁੱਢੇ ਦਰਿਆ ‘ਚ ਗੋਹਾ ਸੁੱਟਣ ਨਾਲ ਵਧੀ ਗੰਦਗੀ, ਲੋਕ ਪਰੇਸ਼ਾਨ

17 Feb, 2026 10:46 AM

ਬੁੱਢੇ ਦਰਿਆ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਲਈ ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਹੇਠ ਸਮੀਖਿਆ ਮੀਟਿੰਗ ਕੀਤੀ ਗਈ। ਦੋ ਘੰਟੇ ਚੱਲੀ ਇਸ ਮੀਟਿੰਗ ਵਿੱਚ ਵੱਖ-ਵੱਖ ਮੱਦਿਆਂ ’ਤੇ ਵਿਸਥਾਰ ਨਾਲ ਚਰਚਾ ਹੋਈ। ਸੀਚੇਵਾਲ ਨੇ ਮੀਟਿੰਗ ਦੌਰਾਨ ਕਿਹਾ ਕਿ ਬੁੱਢੇ ਦਰਿਆ ਦੀ ਸਫ਼ਾਈ ਮੁਹਿੰਮ ਵਿੱਚ ਸਫਲਤਾ ਮਿਲ ਰਹੀ ਹੈ ਪਰ ਹਾਲੇ ਵੀ ਬਹੁਤ ਕੰਮ ਬਾਕੀ ਹੈ। ਗੁਰਦੁਆਰਾ ਗਊਘਾਟ ਤੱਕ ਸਾਫ਼ ਪਾਣੀ ਪਹੁੰਚਾਉਣ ਲਈ ਯਤਨ ਜਾਰੀ ਹਨ। ਮੀਟਿੰਗ ਦੌਰਾਨ ਦਰਿਆ ਵਿੱਚ ਡਿੱਗ ਰਹੇ ਗੋਹੇ ਦੇ ਮਸਲੇ ਨੂੰ ਗੰਭੀਰਤਾ ਨਾਲ ਵਿਚਾਰਿਆ ਗਿਆ। ਤਾਜਪੁਰ ਡੇਅਰੀ ਕੰਪਲੈਕਸ ਵਿੱਚੋਂ ਰੋਜ਼ਾਨਾ ਲਗਪਗ 200 ਟਨ ਅਤੇ ਹੈਬੋਵਾਲ ਡੇਅਰੀ ਕੰਪਲੈਕਸ ਵਿੱਚੋਂ 400 ਟਨ ਗੋਹਾ ਨਿਕਲਦਾ ਹੈ ਪਰ ਹੈਬੋਵਾਲ ਡੇਅਰੀ ਕੰਪਲੈਕਸ ਦਾ ਸਾਰਾ ਗੋਹਾ ਚੁੱਕਿਆ ਨਹੀਂ ਜਾ ਰਿਹਾ। ਹਾਲਾਂਕਿ ਨਗਰ ਨਿਗਮ ਨੇ ਗੋਹਾ ਚੁੱਕਣ ਲਈ ਠੇਕੇਦਾਰ ਨੂੰ ਕੰਮ ਦਿੱਤਾ ਹੋਇਆ ਹੈ, ਫਿਰ ਵੀ ਇਹ ਪ੍ਰਬੰਧ ਨਾਕਾਫ਼ੀ ਸਾਬਿਤ ਹੋ ਰਹੇ ਹਨ। ਹੈਬੋਵਾਲ ਡੇਅਰੀ ਕੰਪਲੈਕਸ ਦਾ 220 ਟਨ ਗੋਹਾ ਸੀ ਬੀ ਜੀ ਪਲਾਂਟ ਵਿੱਚ ਭੇਜਿਆ ਜਾ ਰਿਹਾ ਹੈ ਜਦੋਂਕਿ ਠੇਕੇਦਾਰ ਹਾਲ ਦੀ ਘੜੀ 36 ਟਨ ਗੋਹਾ ਚੁੱਕ ਰਿਹਾ ਹੈ। ਤਾਜਪੁਰ ਡੇਅਰੀ ਕੰਪਲੈਕਸ ਦਾ 170 ਟਨ ਗੋਹਾ ਨਗਰ ਨਿਗਮ ਚੁੱਕ ਰਿਹਾ ਹੈ। ਇਸ ਦੇ ਬਾਵਜੂਦ ਕਰੀਬ 176 ਟਨ ਗੋਹਾ ਹਰ ਰੋਜ਼ ਬੁੱਢੇ ਦਰਿਆ ਵਿੱਚ ਡਿੱਗ ਰਿਹਾ ਹੈ। ਡੇਅਰੀ ਮਾਲਕਾਂ ਅਤੇ ਠੇਕੇਦਾਰਾਂ ਨਾਲ ਮੀਟਿੰਗ ਕਰ ਕੇ ਸਮੱਸਿਆਵਾਂ ਦਾ ਹੱਲ ਲੱਭਣ ਦਾ ਫ਼ੈਸਲਾ ਕੀਤਾ ਗਿਆ। ਇਸ ਤੋਂ ਪਹਿਲਾਂ ਹੋਈ ਇਸ ਸਮੀਖਿਆ ਮੀਟਿੰਗ ਵਿੱਚ ਨਗਰ ਨਿਗਮ ਦੀ ਮੇਅਰ ਇੰਦਰਜੀਤ ਕੌਰ, ਕਮਿਸ਼ਨਰ ਨੀਰੂ ਕਟਿਆਲ ਗੁਪਤਾ, ਵਧੀਕ ਕਮਿਸ਼ਨਰ ਪਰਮਦੀਪ ਸਿੰਘ ਖਹਿਰਾ ਸਣੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ। ਮੀਟਿੰਗ ਵਿੱਚ ਪਿਛਲੀ ਮੀਟਿੰਗਾਂ ਦੀ ਐਕਸ਼ਨ ਟੇਕਨ ਰਿਪੋਰਟਾਂ ’ਤੇ ਵੀ ਚਰਚਾ ਕੀਤੀ ਗਈ।

Posted By: Daily Suraj Bureau

Latest News