ਦਿੱਲੀ ਚੋਣ ਖ਼ਰਚੇ ਦੀ ਹੱਦ 12 ਲੱਖ ਰੁਪਏ ਵਧੀ, ਹੁਣ 40 ਲੱਖ ਰੁਪਏ ਤਕ ਖ਼ਰਚ ਕਰ ਸਕਣਗੇ ਉਮੀਦਵਾਰ
- ਰਾਸ਼ਟਰੀ
- 09 Jan,2025

ਨਵੀਂ ਦਿੱਲੀ : ਰਾਜਧਾਨੀ ਦਿੱਲੀ ਦੀਆਂ 70 ਵਿਧਾਨ ਸਭਾ ਸੀਟਾਂ ’ਤੇ 5 ਫ਼ਰਵਰੀ ਨੂੰ ਵੋਟਿੰਗ ਹੋਵੇਗੀ। ਇਸ ਲਈ ਹਰ ਵਿਧਾਨ ਸਭਾ ਵਿਚ ਚੋਣ ਖ਼ਰਚੇ ਦੀ ਇਕ ਸੀਮਾ ਤੈਅ ਕੀਤੀ ਗਈ ਹੈ। ਹਰ ਵਿਧਾਨ ਸਭਾ ਹਲਕੇ ਵਿਚ ਉਮੀਦਵਾਰ 40 ਲੱਖ ਰੁਪਏ ਤੋਂ ਵੱਧ ਖ਼ਰਚ ਨਹੀਂ ਕਰ ਸਕੇਗਾ। ਉਮੀਦਵਾਰ ਨੂੰ ਹਰ ਰੋਜ਼ ਦੇ ਖ਼ਰਚੇ ਦਾ ਹਿਸਾਬ ਰੱਖਣਾ ਹੋਵੇਗਾ। ਇਸ ਤੋਂ ਇਲਾਵਾ ਇਸ ਨੂੰ ਮੁੱਖ ਚੋਣ ਅਧਿਕਾਰੀ ਦਫ਼ਤਰ (ਸੀ.ਈ.ਓ.) ’ਚ ਵੀ ਜਮ੍ਹਾ ਕਰਵਾਉਣਾ ਹੋਵੇਗਾ। ਇਸ ਦੇ ਨਾਲ ਹੀ ਖ਼ਰਚਿਆਂ ਦੀ ਨਿਗਰਾਨੀ ਲਈ ਸੀ.ਈ.ਓ. ਵਲੋਂ ਟੀਮ ਬਣਾਈ ਗਈ ਹੈ। 2020 ਦੀਆਂ ਵਿਧਾਨ ਸਭਾ ਚੋਣਾਂ ਵਿਚ ਚੋਣ ਖ਼ਰਚ 28 ਲੱਖ ਰੁਪਏ ਸੀ। ਇਸ ਵਾਰ ਚੋਣ ਕਮਿਸ਼ਨ ਨੇ ਖ਼ਰਚੇ ਦੀ ਹੱਦ 12 ਲੱਖ ਰੁਪਏ ਵਧਾ ਦਿਤੀ ਹੈ। ਉਮੀਦਵਾਰ ਨੂੰ ਅਪਣੇ ਚੋਣ ਖ਼ਰਚੇ ਦਾ ਪੂਰਾ ਖਾਤਾ ਰੱਖਣਾ ਹੋਵੇਗਾ ਜਿਸ ਲਈ ਵੱਖਰਾ ਬੈਂਕ ਖਾਤਾ ਖੋਲ੍ਹਣਾ ਹੋਵੇਗਾ। ਮੁੱਖ ਚੋਣ ਅਧਿਕਾਰੀ ਦਫ਼ਤਰ ਦੇ ਇਕ ਅਧਿਕਾਰੀ ਅਨੁਸਾਰ ਸਾਰੇ 70 ਵਿਧਾਨ ਸਭਾ ਹਲਕਿਆਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਪ੍ਰਕਿਰਿਆ 10 ਜਨਵਰੀ ਤੋਂ ਸ਼ੁਰੂ ਹੋਵੇਗੀ। ਨਾਮਜ਼ਦਗੀ ਦੀ ਆਖ਼ਰੀ ਮਿਤੀ 17 ਜਨਵਰੀ ਹੈ। ਜਦਕਿ ਨਾਮਜ਼ਦਗੀ ਪੱਤਰਾਂ ਦੀ ਪੜਤਾਲ 18 ਜਨਵਰੀ ਨੂੰ ਹੋਵੇਗੀ। 20 ਜਨਵਰੀ ਨੂੰ ਨਾਮ ਵਾਪਸ ਲਏ ਜਾ ਸਕਦੇ ਹਨ। ਇਸੇ ਦਿਨ ਵਿਧਾਨ ਸਭਾ ਹਲਕੇ ਦੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕਰ ਦਿਤੇ ਜਾਣਗੇ। ਚੋਣ ਪ੍ਰਚਾਰ 3 ਫ਼ਰਵਰੀ ਨੂੰ ਸ਼ਾਮ 5 ਵਜੇ ਸਮਾਪਤ ਹੋ ਜਾਵੇਗਾ। ਨਤੀਜੇ 8 ਫ਼ਰਵਰੀ ਨੂੰ ਐਲਾਨੇ ਜਾਣਗੇ।
Posted By:

Leave a Reply