Daily Suraj

ਪੰਜਾਬੀ

ਆਸਟ੍ਰੇਲੀਆ ‘ਚ ਪੰਜਾਬੀ ਗਾਇਕ ਕਰਨ ਬਰਾੜ ਨੂੰ ਦਿਲ ਦਾ ਦੌਰਾ, ਖੁਦ ਵੀਡੀਓ ਸਾਂਝੀ ਕਰ ਦਿੱਤੀ ਜਾਣਕਾਰੀ

21 Jul, 2026 02:06 PM

ਆਸਟ੍ਰੇਲੀਆ ਵਿੱਚ ਰਹਿੰਦੇ ਪੰਜਾਬੀ ਗਾਇਕ ਕਰਨ ਬਰਾੜ ਨੂੰ ਦਿਲ ਦਾ ਦੌਰਾ ਪੈਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਬਾਰੇ ਜਾਣਕਾਰੀ ਉਨ੍ਹਾਂ ਨੇ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝੀ ਕਰਕੇ ਦਿੱਤੀ। ਕਰਨ ਬਰਾੜ ਨੇ ਦੱਸਿਆ ਕਿ 19 ਮਈ ਉਨ੍ਹਾਂ ਦੀ ਜ਼ਿੰਦਗੀ ਦਾ ਸਭ ਤੋਂ ਮੁਸ਼ਕਲ ਦਿਨ ਸੀ। ਉਨ੍ਹਾਂ ਨੇ ਆਪਣੀ ਪੋਸਟ ਵਿੱਚ ਲਿਖਿਆ, “19 ਮਈ ਮੇਰੀ ਜ਼ਿੰਦਗੀ ਦਾ ਆਖ਼ਰੀ ਦਿਨ ਹੋ ਸਕਦਾ ਸੀ। ਜੇ ਮੇਰੇ ਦੋਸਤ ਉਸ ਵੇਲੇ ਮੇਰੇ ਨਾਲ ਨਾ ਹੁੰਦੇ ਤਾਂ ਸ਼ਾਇਦ ਮੈਂ ਅੱਜ ਜ਼ਿੰਦਾ ਨਾ ਹੁੰਦਾ।” ਵੀਡੀਓ ਵਿੱਚ ਗਾਇਕ ਨੇ ਦੱਸਿਆ ਕਿ ਐਮਰਜੈਂਸੀ ਹਾਲਾਤਾਂ ਵਿੱਚ ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਸਮੇਂ ਸਿਰ ਇਲਾਜ ਕਰਕੇ ਉਨ੍ਹਾਂ ਦੀ ਜਾਨ ਬਚਾਈ। ਉਨ੍ਹਾਂ ਨੇ ਆਪਣੇ ਦੋਸਤਾਂ, ਡਾਕਟਰਾਂ ਅਤੇ ਉਨ੍ਹਾਂ ਦੀ ਹੌਸਲਾ-ਅਫ਼ਜ਼ਾਈ ਕਰਨ ਵਾਲੇ ਹਰ ਵਿਅਕਤੀ ਦਾ ਧੰਨਵਾਦ ਕੀਤਾ। ਕਰਨ ਬਰਾੜ ਨੇ ਕਿਹਾ ਕਿ ਉਹ ਹੁਣ ਹੌਲੀ-ਹੌਲੀ ਸਿਹਤਯਾਬ ਹੋ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਅਤੇ ਆਮ ਲੋਕਾਂ ਨੂੰ ਸਿਹਤ ਪ੍ਰਤੀ ਸਚੇਤ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਦਾ ਕਹਿਣਾ ਸੀ ਕਿ ਕਿਸੇ ਵੀ ਤਰ੍ਹਾਂ ਦੇ ਸਰੀਰਕ ਲੱਛਣ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਅਤੇ ਲੋੜ ਪੈਣ ‘ਤੇ ਤੁਰੰਤ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ। ਰੋਪੜ ਵਿੱਚ ਜਨਮੇ ਅਤੇ ਮੌਜੂਦਾ ਸਮੇਂ ਆਸਟ੍ਰੇਲੀਆ ਵਿੱਚ ਰਹਿ ਰਹੇ 32 ਸਾਲਾ ਕਰਨਦੀਪ (ਕਰਨ ਬਰਾੜ) ਨੇ ਖ਼ਾਸ ਕਰਕੇ ਨੌਜਵਾਨਾਂ ਨੂੰ ਸੰਦੇਸ਼ ਦਿੱਤਾ ਕਿ ਭਾਵੇਂ ਉਹ ਨਿਯਮਿਤ ਤੌਰ ‘ਤੇ ਜਿਮ ਜਾਂਦੇ ਹੋਣ, ਫਿਰ ਵੀ ਸਮੇਂ-ਸਮੇਂ ‘ਤੇ ਡਾਕਟਰੀ ਜਾਂਚ ਜ਼ਰੂਰ ਕਰਵਾਉਣੀ ਚਾਹੀਦੀ ਹੈ, ਕਿਉਂਕਿ ਕਿਸੇ ਵੀ ਵੇਲੇ ਸਿਹਤ ਨਾਲ ਜੁੜੀ ਗੰਭੀਰ ਸਮੱਸਿਆ ਸਾਹਮਣੇ ਆ ਸਕਦੀ ਹੈ।

Posted By: Daily Suraj Bureau

Latest News