ਹੋਟਲਾਂ-ਰੈਸਟੋਰੈਂਟਾਂ ਵੱਲੋਂ ਟੈਕਸ ਚੋਰੀ ’ਤੇ ਨਕੇਲ, ਪੰਜਾਬ ਸਰਕਾਰ ਦਾ ਵੱਡਾ ਕਦਮ
ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ‘ਪੇਟ ਪੂਜਾ’ ਐਪ ਰਾਹੀਂ ਹੋ ਰਹੀ ਟੈਕਸ ਚੋਰੀ ਦੇ ਮਾਮਲੇ ਦਾ ਸਖ਼ਤ ਨੋਟਿਸ ਲੈਂਦਿਆਂ ਐਲਾਨ ਕੀਤਾ ਹੈ ਕਿ ਪੰਜਾਬ ਸਰਕਾਰ ਇਸ ਐਪ ਵਿਰੁੱਧ ਫੌਜਦਾਰੀ ਕਾਰਵਾਈ ਕਰੇਗੀ। ਵਿੱਤ ਮੰਤਰੀ ਨੇ ਦੱਸਿਆ ਕਿ ਇਸ ਐਪ ਦੀ ਵਰਤੋਂ ਕਰਕੇ ਸੂਬੇ ਦੇ ਕਈ ਹੋਟਲਾਂ ਅਤੇ ਰੈਸਟੋਰੈਂਟ ਮਾਲਕਾਂ ਵੱਲੋਂ ਜੀਐੱਸਟੀ ਦੀ ਚੋਰੀ ਕੀਤੀ ਗਈ ਹੈ। ਹੁਣ ਤੱਕ ਕਰੀਬ 500 ਕਰੋੜ ਰੁਪਏ ਦੀ ਟਰਨਓਵਰ ਲੁਕਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਉਨ੍ਹਾਂ ਜਾਣਕਾਰੀ ਦਿੱਤੀ ਕਿ 239 ਕੇਸਾਂ ਦੀ ਜਾਂਚ ਦੌਰਾਨ 2.54 ਕਰੋੜ ਰੁਪਏ ਦੀ ਟੈਕਸ ਚੋਰੀ ਪੱਕੀ ਹੋ ਚੁੱਕੀ ਹੈ, ਜਿਸ ਵਿੱਚੋਂ 2.02 ਕਰੋੜ ਰੁਪਏ ਦੀ ਵਸੂਲੀ ਵੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕੁੱਲ 882 ਅਦਾਰੇ ਇਸ ਐਪ ਦੀ ਵਰਤੋਂ ਕਰ ਰਹੇ ਸਨ। ਮਾਮਲੇ ਦੀ ਗੰਭੀਰਤਾ ਨੂੰ ਦਰਸਾਉਂਦੇ ਹੋਏ ਉਨ੍ਹਾਂ ਕਿਹਾ ਕਿ ਦੇਸ਼ ਭਰ ਵਿੱਚ ਲਗਭਗ 70 ਹਜ਼ਾਰ ਕਰੋੜ ਰੁਪਏ ਦੇ ‘ਪੇਟ ਪੂਜਾ ਜੀਐੱਸਟੀ’ ਘੁਟਾਲੇ ਦਾ ਪ੍ਰਭਾਵ ਪੰਜਾਬ ਤੱਕ ਵੀ ਪਹੁੰਚਿਆ ਹੈ। ਮੁੱਢਲੇ ਪੜਾਅ ਵਿੱਚ ਹੀ ਇਸ ਐਪ ਰਾਹੀਂ ਕਰੋੜਾਂ ਰੁਪਏ ਦੀ ਜੀਐੱਸਟੀ ਚੋਰੀ ਦੀ ਪੁਸ਼ਟੀ ਹੋ ਚੁੱਕੀ ਹੈ। ਕਰ ਵਿਭਾਗ ਪੰਜਾਬ ਵੱਲੋਂ ਅੰਮ੍ਰਿਤਸਰ, ਜਲੰਧਰ ਅਤੇ ਲੁਧਿਆਣਾ ਸਮੇਤ ਕਈ ਸ਼ਹਿਰਾਂ ਵਿੱਚ ਜਾਂਚ ਦੌਰਾਨ ਇਸ ਘੁਟਾਲੇ ਦੇ ਸਬੂਤ ਇਕੱਠੇ ਕੀਤੇ ਗਏ ਹਨ। ਇਸ ਤਹਿਤ ਸੂਬੇ ਵਿੱਚ ਸੈਂਕੜੇ ਢਾਬਿਆਂ, ਰੈਸਟੋਰੈਂਟਾਂ ਅਤੇ ਹੋਟਲਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ। ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਟੈਕਸ ਚੋਰੀ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਜਾਂ ਸੰਸਥਾ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।
Posted By: Daily Suraj Bureau