ਭਾਰਤ ਵੱਲੋਂ ਹਮਲਾ ਕਰਨ ਜਾਂ ਪਾਣੀ ਰੋਕਣ ’ਤੇ ਪਾਕਿ ਨੇ ਦਿੱਤੀ ਪਰਮਾਣੂ ਹਮਲੇ ਦੀ ਧਮਕੀ
- ਰਾਸ਼ਟਰੀ
- 05 May,2025

ਮਾਸਕੋ : ਪਹਿਲਗਾਮ ਅੱਤਵਾਦੀ ਹਮਲੇ (Pahalgam terror attack) ਤੋਂ ਬਾਅਦ ਨਵੀਂ ਦਿੱਲੀ ਅਤੇ ਇਸਲਾਮਾਬਾਦ ਵਿਚਕਾਰ ਤਣਾਅ ਦੇ ਦੌਰਾਨ ਪਾਕਿਸਤਾਨ ਦੇ ਰੂਸ ਵਿਚਲੇ ਰਾਜਦੂਤ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਭਾਰਤ ਨੇ ਉਨ੍ਹਾਂ ਦੇ ਮੁਲਕ ਉਤੇ ਹਮਲਾ ਕੀਤਾ ਜਾਂ ਇਸ ਦੇ ਅਹਿਮ ਪਾਣੀ ਦੇ ਵਹਾਅ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਪਾਕਿਸਤਾਨ ‘ਪੂਰੀ ਤਾਕਤ’ ਨਾਲ ਜਵਾਬ ਦੇਵੇਗਾ, ਜਿਸ ਵਿੱਚ ਪਰਮਾਣੂ ਹਮਲਾ ਵੀ ਸ਼ਾਮਲ ਹੈ।
ਰੂਸ ਵਿਚ ਪਾਕਿਸਤਾਨੀ ਰਾਜਦੂਤ ਮੁਹੰਮਦ ਖਾਲਿਦ ਜਮਾਲੀ (Muhammad Khalid Jamali) ਨੇ ਐਤਵਾਰ ਨੂੰ ਰੂਸ ਦੀ ਸਰਕਾਰੀ ਖ਼ਬਰ ਏਜੰਸੀ TASS ਨੂੰ ਦਿੱਤੀ ਇੱਕ ਇੰਟਰਵਿਊ ਦੌਰਾਨ ਇਹ ਟਿੱਪਣੀਆਂ ਕੀਤੀਆਂ ਹਨ।
ਇਹ ਚੇਤਾਵਨੀ ਦਿੰਦਿਆਂ ਕਿ ਪਾਕਿਸਤਾਨ ਕਿਸੇ ਵੀ ਹਮਲੇ ਦਾ ਜਵਾਬ ਦੇਣ ਲਈ ਤਿਆਰ ਹੈ, ਰਾਜਦੂਤ ਨੇ ਕਿਹਾ, “ਅਸੀਂ ਪਾਕਿਸਤਾਨ ਵਿੱਚ ਤਾਕਤ ਦੇ ਪੂਰੇ ਸਪੈਕਟ੍ਰਮ ਦੀ ਵਰਤੋਂ ਕਰਾਂਗੇ, ਰਵਾਇਤੀ ਅਤੇ ਪਰਮਾਣੂ ਦੋਵੇਂ ਤਰੀਕਿਆਂ ਨਾਲ।” ਗ਼ੌਰਤਲਬ ਹੈ ਕਿ ਬੀਤੀ 22 ਅਪਰੈਲ ਨੂੰ ਜੰਮੂ-ਕਸ਼ਮੀਰ ਵਿੱਚ ਪਹਿਲਗਾਮ ਵਿਚ ਸੈਲਾਨੀਆਂ ਉਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਆਪਸੀ ਰਿਸ਼ਤੇ ਬੁਰੀ ਤਰ੍ਹਾਂ ਵਿਗੜ ਗਏ ਸਨ।
ਇਸ ਹਮਲੇ ਵਿੱਚ 26 ਲੋਕ ਮਾਰੇ ਗਏ ਸਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ ਉਥੇ ਘੁੰਮਣ ਗਏ ਸੈਲਾਨੀ ਸਨ।
ਜਮਾਲੀ ਨੇ ਇਸ ਮੌਕੇ ਸਿੰਧ ਜਲ ਸੰਧੀ ਬਾਰੇ ਇਸਲਾਮਾਬਾਦ ਦੀ ਸਥਿਤੀ ਨੂੰ ਦੁਹਰਾਇਆ। ਗ਼ੌਰਤਲਬ ਹੈ ਕਿ ਇਹ ਦਰਿਆਵਾਂ ਦੇ ਪਾਣੀਆਂ ਦੀ ਵੰਡ ਬਾਰੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਇੱਕ ਅਹਿਮ ਸਮਝੌਤਾ ਹੈ, ਜਿਸ ਨੂੰ ਨਵੀਂ ਦਿੱਲੀ ਨੇ ਪਿਛਲੇ ਹਫ਼ਤੇ ਅੱਤਵਾਦੀ ਹਮਲੇ ਪ੍ਰਤੀ ਆਪਣੇ ਸਫ਼ਾਰਤੀ ਜਵਾਬ ਦੇ ਹਿੱਸੇ ਵਜੋਂ ਮੁਅੱਤਲ ਕਰ ਦਿੱਤਾ ਸੀ।
ਜਮਾਲੀ ਨੇ ਕਿਹਾ, “ਹੇਠਲੇ ਰਿਪੇਰੀਅਨ ਦੇ ਪਾਣੀ ਨੂੰ ਹੜੱਪਣ, ਜਾਂ ਇਸਨੂੰ ਰੋਕਣ, ਜਾਂ ਇਸਨੂੰ ਮੋੜਨ ਦੀ ਕੋਈ ਵੀ ਕੋਸ਼ਿਸ਼ ਪਾਕਿਸਤਾਨ ਵਿਰੁੱਧ ਜੰਗ ਦੀ ਕਾਰਵਾਈ ਮੰਨੀ ਜਾਵੇਗੀ ਅਤੇ ਇਸਦਾ ਜਵਾਬ ਪੂਰੀ ਤਾਕਤ ਨਾਲ ਦਿੱਤਾ ਜਾਵੇਗਾ, ਜਿਸ ਵਿੱਚ ਪਰਮਾਣੂ ਵੀ ਸ਼ਾਮਲ ਹੈ।”
ਉਂਝ ਨਾਲ ਹੀ ਰਾਜਦੂਤ ਨੇ ਤਣਾਅ ਘਟਾਉਣ ਦੀ ਅਪੀਲ ਕੀਤੀ, ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਕੋਲ ਪਰਮਾਣੂ ਹਥਿਆਰ ਹੋਣ ਦੇ ਸੰਭਾਵੀ ਖ਼ਤਰੇ ਨੂੰ ਧਿਆਨ ਵਿੱਚ ਰੱਖਦਿਆਂ ਤਣਾਅ ਘਟਾਇਆ ਜਾਣਾ ਚਾਹੀਦਾ ਹੈ।
ਪਾਕਿਸਤਾਨ ਨੇ ਪਹਿਲਾਂ ਪਹਿਲਗਾਮ ਹਮਲੇ ਦੀ “ਨਿਰਪੱਖ ਅਤੇ ਭਰੋਸੇਯੋਗ ਜਾਂਚ” ਦੀ ਮੰਗ ਕੀਤੀ ਸੀ। ਉਨ੍ਹਾਂ ਕਿਹਾ, “ਮੈਨੂੰ ਲੱਗਦਾ ਹੈ ਕਿ ਆਲਮੀ ਭਾਈਚਾਰੇ ਦੀ ਆਪਣੀ ਭੂਮਿਕਾ ਨਿਭਾਉਣੀ ਚਾਹੀਦੀ ਹੈ। ਇਸ ਸਬੰਧ ਵਿੱਚ ਅਸੀਂ ਉਮੀਦ ਕਰਦੇ ਹਾਂ ਕਿ ਚੀਨ ਅਤੇ ਰੂਸ ਵਰਗੀਆਂ ਤਾਕਤਾਂ ਉਨ੍ਹਾਂ ਜਾਂਚਾਂ ਵਿੱਚ ਹਿੱਸਾ ਲੈ ਸਕਦੀਆਂ ਹਨ।”
#IndiaPakistan #NuclearThreat #WaterDispute #IndusWatersTreaty #PakistanWarning #SouthAsiaTensions #NuclearDiplomacy #Geopolitics #StrategicThreat
Posted By:

Leave a Reply