ਸਹਾਇਕ ਸਿਵਲ ਸਰਜਨ ਨੇ ਆਸ਼ਾ ਵਰਕਰਾਂ ਦੀ ਲਈ ਮੀਟਿੰਗ
ਸਿਹਤ ਪ੍ਰੋਗਰਾਮਾਂ ਨੂੰ ਘਰ ਘਰ ਤੱਕ ਪਹੁੰਚਾਇਆ ਜਾਵੇ :- ਡਾ ਕੰਵਲਦੀਪ ਸਿੰਘ ( ਮੁਖ਼ਤਿਆਰ ਸਿੰਘ ) ਸਿਵਲ ਸਰਜਨ ਫਤਿਹਗੜ੍ਹ ਸਾਹਿਬ ਡਾ ਅਰਵਿੰਦ ਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੁਢਲਾ ਸਿਹਤ ਕੇਂਦਰ ਸੰਘੋਲ ਦੇ ਇੰਚਾਰਜ-ਕਮ ਸਹਾਇਕ ਸਿਵਲ ਸਰਜਨ ਡਾ ਕੰਵਲਦੀਪ ਸਿੰਘ ਨੇ ਬਲਾਕ ਦੀਆਂ ਸਮੂਹ ਆਸ਼ਾ ਵਰਕਰਾਂ ਅਤੇ ਆਸਾ ਫੈਸਿਲੀਟੇਟਰਾਂ ਦੀ ਵਿਸ਼ੇਸ਼ ਮੀਟਿੰਗ ਬੁਲਾ ਕੇ ਹਦਾਇਤ ਕੀਤੀ ਕਿ ਸਾਰੇ ਸਿਹਤ ਪ੍ਰੋਗਰਾਮਾਂ ਨੂੰ ਘਰ ਘਰ ਤੱਕ ਪਹੁੰਚਾਇਆ ਜਾਵੇ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ "ਮੁੱਖ ਮੰਤਰੀ ਸਿਹਤ ਯੋਜਨਾ"ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ,ਪਿੰਡ ਪੱਧਰ ਤੇ ਸਾਰੇ ਵਿਅਕਤੀਆਂ ਦੇ ਕਾਰਡ ਬਣਵਾਏ ਜਾਣ ਤਾਂ ਕਿ ਲੋੜ ਪੈਣ ਤੇ ਉਹ ਸਰਕਾਰੀ/ਸੂਚੀਬਧ ਪ੍ਰਾਈਵੇਟ ਹਸਪਤਾਲਾਂ ਵਿੱਚ ਆਪਣਾ ਮੁਫਤ ਇਲਾਜ ਕਰਵਾ ਸਕਣ । ਉਹਨਾਂ ਕਿਹਾ ਕਿ 14 ਤੋਂ 15 ਸਾਲ ਤੱਕ ਦੀਆਂ ਲੜਕੀਆਂ ਨੂੰ ਐਚਪੀਵੀ ਵੈਕਸੀਨੇਸ਼ਨ ਕਰਵਾਉਣੀ ਯਕੀਨੀ ਬਣਾਈ ਜਾਵੇ ਤਾਂ ਕਿ ਉਹਨਾਂ ਦੀ ਸਰਵਾਈਕਲ ਕੈਂਸਰ ਵਰਗੀ ਨਾ-ਮੁਰਾਦ ਬਿਮਾਰੀ ਤੋਂ ਰੋਕਥਾਮ ਕੀਤੀ ਜਾ ਸਕੇ । ਉਹਨਾਂ ਗਰਭਵਤੀ ਔਰਤਾਂ ਦੀ ਰਜਿਸਟਰੇਸ਼ਨ ਗਰਭ ਦੇ ਪਹਿਲੇ ਤਿੰਨ ਮਹੀਨੇ ਦੇ ਅੰਦਰ ਅੰਦਰ ਕਰਵਾਉਣ ਦੀ ਹਦਾਇਤ ਕੀਤੀ ਅਤੇ ਕਿਹਾ ਕਿ ਉਹ ਹਾਈ ਰਿਸਕ ਪ੍ਰੈਗਨੈਂਸੀ ਵਾਲੀਆਂ ਔਰਤਾਂ ਦੀ ਡਿਊ ਲਿਸਟ ਵੀ ਤਿਆਰ ਕਰਨ । ਓਹਨਾ ਗੈਰ ਸੰਚਾਰੀ ਬਿਮਾਰੀਆਂ ਨੂੰ ਪੋਰਟਲ ਤੇ ਅਪਲੋਡ ਕਰਾਉਣ ਸਬੰਧੀ ਹਦਾਇਤ ਵੀ ਕੀਤੀ। ਉਹਨਾਂ ਇਹ ਵੀ ਹਦਾਇਤ ਕੀਤੀ ਕਿ ਫੀਲਡ ਵਿੱਚ ਸਰਵੇ ਕਰਦੇ ਸਮੇਂ ਟੀਬੀ ਦੇ ਸ਼ੱਕੀ ਮਰੀਜ਼ਾਂ ਨੂੰ ਦੀ ਪਹਿਚਾਣ ਕਰਕੇ ਹਸਪਤਾਲ ਵਿੱਚ ਲਿਆ ਕੇ ਥੁੱਕ ਦੀ ਜਾਂਚ ਕਰਵਾਈ ਜਾਵੇ, ਪਾਜੇਟਿਵ ਨਿਕਲਣ ਤੇ ਉਸਦਾ ਪੂਰਾ ਇਲਾਜ ਕਰਵਾਉਣਾ ਯਕੀਨੀ ਬਣਾਇਆ ਜਾਵੇ। ਇਸ ਤੋਂ ਇਲਾਵਾ ਉਹਨਾਂ ਵੱਖ ਵੱਖ ਹੋਰ ਸਿਹਤ ਪ੍ਰੋਗਰਾਮਾਂ ਤੇ ਵੀ ਚਰਚਾ ਕਰਕੇ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ ।ਇਸ ਮੌਕੇ ਤੇ ਡਾ ਨਵਜੋਤ ਸਿੰਘ, ਕੁਲਜੀਤ ਕੌਰ ,ਨਰਿੰਦਰ ਕੌਰ, ਹਰਜੀਤ ਸਿੰਘ, ਕੁਲਦੀਪ ਸਿੰਘ, ਲਾਲਦੀਨ ਆਦਿ ਤੋਂ ਇਲਾਵਾ ਭਾਸ਼ਾ ਵਰਕਰਾਂ ਤੇ ਆਸ਼ਾ ਫੈਸਲੀਟੇਟਰ ਹਾਜ਼ਰ ਸਨ।
Posted By: Daily Suraj Bureau