Daily Suraj

ਪੰਜਾਬੀ

ਸਤਲੁਜ-ਯਮੁਨਾ ਲਿੰਕ ਵਿਵਾਦ ’ਤੇ CMਜ਼ ਦੀ ਮੀਟਿੰਗ ਖਤਮ, ਫ਼ੈਸਲੇ ਦੀ ਉਡੀਕ

27 Jan, 2026 01:47 PM

ਚੰਡੀਗੜ੍ਹ,ਸਤਲੁਜ-ਯਮੁਨਾ ਲਿੰਕ (SYL) ਨਹਿਰ ਨੂੰ ਲੈ ਕੇ ਹਰਿਆਣਾ ਅਤੇ ਪੰਜਾਬ ਇੱਕ ਵਾਰ ਫਿਰ ਮੀਟਿੰਗ ਹੋਈ। ਸਭ ਤੋਂ ਮਹੱਤਵਪੂਰਨ ਗੱਲ ਇਹ ਸੀ ਕਿ ਕੋਈ ਵੀ ਕੇਂਦਰੀ ਮੰਤਰੀ ਇਸ ਮੀਟਿੰਗ ਵਿੱਚ ਸ਼ਾਮਲ ਨਹੀਂ ਸੀ। ਇਹ ਮੀਟਿੰਗ ਅੱਜ ਚੰਡੀਗੜ੍ਹ ਦੇ ਸੈਕਟਰ 17 ‘ਚ ਸਥਿਤ ਹੋਟਲ ਤਾਜ ‘ਚ ਸਵੇਰੇ 9:30 ਵਜੇ ਹੋਈ ਸੀ, ਜੋ ਕਿ ਹੁਣ ਖਤਮ ਹੋ ਗਈ ਹੈ। ਇਹ ਮੀਟਿੰਗ ਕਰੀਬ ਦੋ ਘੰਟੇ ਚੱਲੀ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦੋਵਾਂ ਸਰਕਾਰਾਂ ਦੇ ਸੀਨੀਅਰ ਅਧਿਕਾਰੀਆਂ ਨਾਲ ਇਸ ਮੀਟਿੰਗ ‘ਚ ਸ਼ਾਮਲ ਹੋਏ। 

ਦੋਵਾਂ ਮੁੱਖ ਮੰਤਰੀਆਂ ਨੇ ਮੀਟਿੰਗ ਕਰਨ ਤੋਂ ਬਾਅਦ ਸਾਂਝੀ ਪ੍ਰੈਸ ਕਾਨਫਰੰਸ ਕੀਤੀ। ਇਸ ਦੌਰਾਨ ਦੋਵਾਂ ਨੇ ਕਿਹਾ ਕਿ ਅੱਜ ਦੀ ਮੀਟਿੰਗ ਬਹੁਤ ਸੁਖਾਵੇਂ ਤੇ ਚੰਗੇ ਮਾਹੌਲ ਵਿਚ ਹੋਈ ਹੈ। ਉਹਨਾਂ ਕਿਹਾ ਕਿ ਮੀਟਿੰਗ ਵਿਚ ਫੈਸਲਾ ਲਿਆ ਗਿਆ ਹੈ ਕਿ ਪਹਿਲਾਂ ਅਧਿਕਾਰੀ ਰੈਗੂਲਰ ਮੀਟਿੰਗਾਂ ਕਰਨਗੇ ਅਤੇ ਫਿਰ ਜੋ ਖਾਕਾ ਉਹ ਤਿਆਰ ਕਰਨਗੇ, ਉਸ ’ਤੇ ਅਗਲੀ ਕਾਰਵਾਈ ਦਾ ਫੈਸਲਾ ਮੁੱਖ ਮੰਤਰੀ ਆਪਸ ਵਿਚ ਗੱਲਬਾਤ ਕਰ ਕੇ ਲੈਣਗੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ (SYL) ਬਹੁਤ ਪੁਰਾਣਾ ਮੁੱਦਾ ਹੈ ਤੇ ਕੇਂਦਰ ਸਰਕਾਰ ਤੇ ਸੁਪਰੀਮ ਕੋਰਟ ਨੇ ਸਾਨੂੰ ਇਕੱਠੇ ਬੈਠ ਕੇ ਹੱਲ ਕੱਢਣ ਲਈ ਕਿਹਾ ਸੀ, ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ’ਤੇ ਅੱਜ ਅਸੀਂ ਮੀਟਿੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਸਾਡਾ ਦੁਸ਼ਮਣ ਨਹੀਂ, ਭਰਾ ਹੈ। ਉਨ੍ਹਾਂ ਕਿਹਾ ਕਿ ਕਿਸੇ ਦਾ ਵੀ ਹੱਕ ਨਹੀਂ ਮਰਨਾ ਚਾਹੀਦਾ, ਨਾ ਹੀ ਪੰਜਾਬ ਦਾ ਹੱਕ ਮਰੇ ਤੇ ਨਾ ਹੀ ਹਰਿਆਣਾ ਦਾ। ਉਨ੍ਹਾਂ ਕਿਹਾ ਕਿ ਪਾਣੀ ਤੈਅ ਹੋ ਜਾਵੇ, ਨਹਿਰ ਵੀ ਬਣਾ ਲਵਾਂਗੇ, ਪਰ ਇਸ ਵੇਲੇ ਪੰਜਾਬ ਖੁਦ ਪਾਣੀ ਦੀ ਕਮੀ ਦਾ ਸਾਹਮਣਾ ਕਰ ਰਿਹਾ ਹੈ।

Posted By: Daily Suraj Bureau

Latest News