ਸੜਕ ਢਾਂਚੇ ਨੂੰ ਵੱਡਾ ਬੂਸਟ, ਗ੍ਰੀਨ ਫੀਲਡ ਪ੍ਰਾਜੈਕਟ ਨੂੰ ਮਿਲੀ ਹਰੀ ਝੰਡੀ
ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਪੰਜਾਬ ਵਿੱਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਇੱਕ ਵੱਡਾ ਐਲਾਨ ਕਰਦਿਆਂ NH-205A ਦੇ ਅੰਬਾਲਾ-ਚੰਡੀਗੜ੍ਹ ਸੈਕਸ਼ਨ ਨੂੰ ਜ਼ੀਰਕਪੁਰ ਬਾਈਪਾਸ ਨਾਲ ਜੋੜਨ ਵਾਲੇ ਇੱਕ ਐਕਸੈਸ-ਕੰਟਰੋਲਡ ਗ੍ਰੀਨਫੀਲਡ ਸਪਰ (spur) ਦੇ ਨਿਰਮਾਣ ਲਈ 1,463.95 ਕਰੋੜ ਰੁਪਏ ਦੀ ਰਾਸ਼ੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਬਾਰੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਆਪਣੇ ‘ਐਕਸ’ ਖਾਤੇ ’ਤੇ ਜਾਣਕਾਰੀ ਸਾਂਝੀ ਕੀਤੀ ਹੈ। ਟ੍ਰਾਈਸਿਟੀ ਰਿੰਗ ਰੋਡ ਪ੍ਰੋਜੈਕਟ ਦੇ ਹਿੱਸੇ ਵਜੋਂ ਤਿਆਰ ਕੀਤਾ ਜਾਣ ਵਾਲਾ ਇਹ ਕਾਰੀਡੋਰ ਮੋਹਾਲੀ, ਚੰਡੀਗੜ੍ਹ ਅਤੇ ਪੰਚਕੂਲਾ ਦੇ ਮੁੱਖ ਸ਼ਹਿਰੀ ਜੰਕਸ਼ਨਾਂ 'ਤੇ ਵਾਹਨਾਂ ਦੇ ਦਬਾਅ ਨੂੰ ਘੱਟ ਕਰੇਗਾ ਅਤੇ ਟ੍ਰੈਫਿਕ ਨੂੰ ਸ਼ਹਿਰ ਤੋਂ ਬਾਹਰੋਂ ਡਾਇਵਰਟ ਕਰਨ ਵਿੱਚ ਮਦਦ ਕਰੇਗਾ। ਇਸ ਪ੍ਰੋਜੈਕਟ ਦੇ ਮੁਕੰਮਲ ਹੋਣ ਨਾਲ NH-44, NH-205A ਅਤੇ NH-152 'ਤੇ ਲੱਗਣ ਵਾਲੇ ਭਾਰੀ ਜਾਮ ਤੋਂ ਰਾਹਤ ਮਿਲੇਗੀ ਅਤੇ ਹਿਮਾਚਲ ਪ੍ਰਦੇਸ਼, ਖਾਸ ਕਰਕੇ ਸ਼ਿਮਲਾ ਖੇਤਰ ਵੱਲ ਜਾਣ ਵਾਲੇ ਮੁਸਾਫ਼ਰਾਂ ਨੂੰ ਤੇਜ਼ ਅਤੇ ਨਿਰਵਿਘਨ ਸੰਪਰਕ ਮਿਲੇਗਾ। ਇਸ ਨਾਲ ਨਾ ਸਿਰਫ ਸਫਰ ਦਾ ਸਮਾਂ ਘਟੇਗਾ, ਸਗੋਂ ਖੇਤਰੀ ਆਰਥਿਕ ਏਕੀਕਰਨ ਨੂੰ ਵੀ ਮਜ਼ਬੂਤੀ ਮਿਲੇਗੀ।
Posted By: Daily Suraj Bureau