Daily Suraj

ਪੰਜਾਬੀ

ਲੋਕ ਸਭਾ ’ਚ ਚੀਨ ਸਰਹੱਦ ਤੇ ਜਨਰਲ ਨਰਵਣੇ ਦੀ ਅਣਪ੍ਰਕਾਸ਼ਿਤ ਕਿਤਾਬ ’ਤੇ ਹੰਗਾਮਾ

02 Feb, 2026 11:40 AM

ਰਾਹੁਲ ਗਾਂਧੀ ਦੇ ਭਾਸ਼ਣ ਦੌਰਾਨ ਸੱਤਾ ਪੱਖ ਦਾ ਤਿੱਖਾ ਵਿਰੋਧ; ਸਦਨ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ ਲੋਕ ਸਭਾ ਵਿੱਚ ਸੋਮਵਾਰ ਨੂੰ ਰਾਸ਼ਟਰਪਤੀ ਦੇ ਭਾਸ਼ਣ ’ਤੇ ਧੰਨਵਾਦ ਮਤੇ ਦੌਰਾਨ ਉਸ ਸਮੇਂ ਭਾਰੀ ਹੰਗਾਮਾ ਹੋਇਆ ਜਦੋਂ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਸਾਬਕਾ ਫੌਜ ਮੁਖੀ ਜਨਰਲ ਐੱਮ.ਐੱਮ. ਨਰਵਣੇ ਦੀ ਇਕ ਅਣਪ੍ਰਕਾਸ਼ਿਤ ਕਿਤਾਬ (ਯਾਦਨਾਮੇ) ਦਾ ਹਵਾਲਾ ਦੇਣਾ ਸ਼ੁਰੂ ਕੀਤਾ। ਰਾਹੁਲ ਗਾਂਧੀ ਸਾਲ 2020 ਵਿੱਚ ਚੀਨ ਨਾਲ ਹੋਏ ਸਰਹੱਦੀ ਵਿਵਾਦ ਬਾਰੇ ਬੋਲਣਾ ਚਾਹੁੰਦੇ ਸਨ, ਜਿਸ ’ਤੇ ਭਾਜਪਾ ਮੈਂਬਰਾਂ ਨੇ ਸਖ਼ਤ ਇਤਰਾਜ਼ ਜਤਾਇਆ। ਸਪੀਕਰ ਓਮ ਬਿਰਲਾ ਨੇ ਸਪੱਸ਼ਟ ਰੂਲਿੰਗ ਦਿੱਤੀ ਕਿ ਅਜਿਹੀ ਕਿਸੇ ਕਿਤਾਬ ਜਾਂ ਲੇਖ ਦਾ ਹਵਾਲਾ ਨਹੀਂ ਦਿੱਤਾ ਜਾ ਸਕਦਾ ਜੋ ਅਜੇ ਤੱਕ ਪ੍ਰਕਾਸ਼ਿਤ ਹੀ ਨਹੀਂ ਹੋਈ। ਵਾਰ-ਵਾਰ ਪੈਦਾ ਹੋਏ ਰੁਕਾਵਟਾਂ ਕਾਰਨ ਸਦਨ ਦੀ ਕਾਰਵਾਈ ਪਹਿਲਾਂ ਕਈ ਵਾਰ ਰੋਕਣੀ ਪਈ ਅਤੇ ਅੰਤ ਵਿੱਚ ਦਿਨ ਭਰ ਲਈ ਮੁਲਤਵੀ ਕਰ ਦਿੱਤੀ ਗਈ। ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜੀਜੂ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਰਾਹੁਲ ਗਾਂਧੀ ’ਤੇ ਨਿਯਮਾਂ ਦੀ ਉਲੰਘਣਾ ਕਰਨ ਅਤੇ ਹਥਿਆਰਬੰਦ ਸੈਨਾਵਾਂ ਦਾ ਮਨੋਬਲ ਡੇਗਣ ਦਾ ਦੋਸ਼ ਲਾਇਆ। ਰਿਜੀਜੂ ਨੇ ਕਿਹਾ ਕਿ ਰਾਹੁਲ ਗਾਂਧੀ ਆਪਣੇ ਆਪ ਨੂੰ ਸੰਸਦ ਅਤੇ ਨਿਯਮਾਂ ਤੋਂ ਉੱਪਰ ਸਮਝਦੇ ਹਨ ਅਤੇ ਉਨ੍ਹਾਂ ਨੂੰ ਚੀਨ ਸਰਹੱਦ ਦੇ ਮੁੱਦੇ ’ਤੇ ਦੇਸ਼ ਤੋਂ ਮਾਫੀ ਮੰਗਣੀ ਚਾਹੀਦੀ ਹੈ। ਦੂਜੇ ਪਾਸੇ, ਰਾਹੁਲ ਗਾਂਧੀ ਨੇ ਸਵਾਲ ਕੀਤਾ ਕਿ ਸਰਕਾਰ ਫੌਜ ਮੁਖੀ ਦੀਆਂ ਯਾਦਾਂ ਤੋਂ ਇੰਨੀ ਕਿਉਂ ਡਰ ਰਹੀ ਹੈ? ਉਨ੍ਹਾਂ ਕਿਹਾ ਕਿ ਕੌਮੀਂ ਸੁਰੱਖਿਆ ਤੋਂ ਮਹੱਤਵਪੂਰਨ ਕੁਝ ਵੀ ਨਹੀਂ ਹੈ ਅਤੇ ਉਹ ਭਾਜਪਾ ਸਾਂਸਦ ਤੇਜਸਵੀ ਸੂਰਿਆ ਵੱਲੋਂ ਕਾਂਗਰਸ ਦੀ ਦੇਸ਼ਭਗਤੀ ’ਤੇ ਚੁੱਕੇ ਸਵਾਲਾਂ ਦਾ ਜਵਾਬ ਦੇ ਰਹੇ ਸਨ। ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਵੀ ਰਾਹੁਲ ਗਾਂਧੀ ਦਾ ਸਮਰਥਨ ਕਰਦਿਆਂ ਕਿਹਾ ਕਿ ਚੀਨ ਦਾ ਮੁੱਦਾ ਬੇਹੱਦ ਸੰਵੇਦਨਸ਼ੀਲ ਹੈ ਅਤੇ ਵਿਰੋਧੀ ਧਿਰ ਦੇ ਨੇਤਾ ਨੂੰ ਇਸ ’ਤੇ ਬੋਲਣ ਦੀ ਇਜਾਜ਼ਤ ਮਿਲਣੀ ਚਾਹੀਦੀ ਹੈ।

Posted By: Daily Suraj Bureau

Latest News