Daily Suraj

ਪੰਜਾਬੀ

ਨਾਮਧਾਰੀ ਸੰਪਰਦਾ ਦੇ ਠਾਕੁਰ ਦਿਲੀਪ ਸਿੰਘ ਲਈ ਮੁਸ਼ਕਿਲਾਂ ਵਧੀਆਂ, ਅਦਾਲਤ ਦਾ ਨੋਟਿਸ ਜਾਰੀ

29 Mar, 2026 04:37 PM

ਨਾਮਧਾਰੀ ਸੰਪਰਦਾ ਦੇ ਸਤਿਗੁਰੂ ਜਗਜੀਤ ਸਿੰਘ ਦੇ ਦੇਹਾਂਤ ਤੋਂ ਬਾਅਦ ਉਤਰਾਧਿਕਾਰ ਵਿਵਾਦ ਵਿਚ ਘਿਰੇ ਠਾਕੁਰ ਦਿਲੀਪ ਸਿੰਘ ਲਈ ਕਾਨੂੰਨੀ ਮੁਸ਼ਕਿਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਮੋਹਾਲੀ ਸਥਿਤ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਉਨ੍ਹਾਂ ਨੂੰ ਭਗੌੜਾ (ਪੀਓ) ਘੋਸ਼ਿਤ ਕਰਨ ਲਈ ਜਨਤਕ ਨੋਟਿਸ ਜਾਰੀ ਕੀਤਾ ਹੈ। ਕੇਸ ਨੰਬਰ 3 (ਐਸ)/2017 ਦੀ ਸੁਣਵਾਈ ਦੌਰਾਨ ਅਦਾਲਤ ਨੇ ਸਖ਼ਤ ਰੁਖ ਅਪਣਾਉਂਦਿਆਂ ਕਿਹਾ ਕਿ ਮੁਲਜ਼ਮ ਨਾ ਤਾਂ ਅਦਾਲਤ ਵਿੱਚ ਪੇਸ਼ ਹੋ ਰਿਹਾ ਹੈ ਅਤੇ ਨਾ ਹੀ ਆਪਣੇ ਮੌਜੂਦਾ ਟਿਕਾਣੇ ਬਾਰੇ ਜਾਣਕਾਰੀ ਦੇ ਰਿਹਾ ਹੈ। ਇਹ ਹੁਕਮ ਲਗਭਗ ਨੌਂ ਸਾਲਾਂ ਦੀ ਜਾਂਚ ਅਤੇ ਮੁਲਜ਼ਮ ਦੇ ਲਗਾਤਾਰ ਗੈਰਹਾਜ਼ਰ ਰਹਿਣ ਤੋਂ ਬਾਅਦ ਜਾਰੀ ਕੀਤਾ ਗਿਆ ਹੈ। ਅਦਾਲਤ ਵੱਲੋਂ ਇਸ ਸੰਬੰਧੀ ਰਸਮੀ ਜਨਤਕ ਨੋਟਿਸ ਵੀ ਪ੍ਰਕਾਸ਼ਿਤ ਕੀਤਾ ਗਿਆ ਹੈ। ਅਦਾਲਤ ਨੇ ਠਾਕੁਰ ਦਿਲੀਪ ਸਿੰਘ ਨੂੰ 8 ਅਪ੍ਰੈਲ ਤੱਕ ਹਾਜ਼ਰ ਹੋਣ ਦੇ ਹੁਕਮ ਦਿੱਤੇ ਹਨ। ਜੇਕਰ ਉਹ ਨਿਰਧਾਰਤ ਮਿਤੀ ਤੱਕ ਪੇਸ਼ ਨਹੀਂ ਹੁੰਦੇ, ਤਾਂ ਉਨ੍ਹਾਂ ਨੂੰ ਭਗੌੜਾ ਘੋਸ਼ਿਤ ਕੀਤਾ ਜਾਵੇਗਾ। ਠਾਕੁਰ ਦਿਲੀਪ ਸਿੰਘ ਖ਼ਿਲਾਫ਼ ਤਿੰਨ ਵੱਖ-ਵੱਖ ਥਾਣਿਆਂ ਵਿੱਚ ਮਾਮਲੇ ਦਰਜ ਹਨ। ਇਨ੍ਹਾਂ ਵਿੱਚ ਮਾਤਾ ਚੰਦ ਕੌਰ ਦੇ ਕਤਲ ਦਾ ਕੇਸ, ਸਤਿਗੁਰੂ ਉਦੈ ਸਿੰਘ ਅਤੇ ਮਾਤਾ ਚੰਦ ਕੌਰ ਦੇ ਜਵਾਈ ਜਗਤਾਰ ਸਿੰਘ ’ਤੇ ਹਮਲੇ ਦੀ ਸਾਜ਼ਿਸ਼, ਅਤੇ ਨਾਮਧਾਰੀ ਅਵਤਾਰ ਸਿੰਘ ਦੇ ਕਤਲ ਨਾਲ ਸੰਬੰਧਿਤ ਮਾਮਲਾ ਸ਼ਾਮਲ ਹੈ। ਸਾਲ 2017 ਵਿੱਚ ਇਹ ਤਿੰਨੇ ਮਾਮਲੇ ਸੈਂਟ੍ਰਲ ਬਿਊਰੋ ਆਫ ਇਨਵੈਸਟੀਗੇਸ਼ਨ (ਸੀਬੀਆਈ) ਨੂੰ ਸੌਂਪ ਦਿੱਤੇ ਗਏ ਸਨ। ਸੀਬੀਆਈ ਨੇ ਚੰਡੀਗੜ੍ਹ ਵਿੱਚ ਇਹਨਾਂ ਮਾਮਲਿਆਂ ਨੂੰ ਇੱਕ ਕੇਸ ਵਿੱਚ ਇਕੱਠਾ ਕਰਕੇ ਜਾਂਚ ਸ਼ੁਰੂ ਕੀਤੀ, ਪਰ ਮੁਲਜ਼ਮ ਅਦਾਲਤ ਵਿੱਚ ਪੇਸ਼ ਨਹੀਂ ਹੋਇਆ। ਇਸ ਕਰਕੇ ਅਦਾਲਤ ਨੇ ਹੁਣ ਪੀਓ ਨੋਟਿਸ ਜਾਰੀ ਕੀਤਾ ਹੈ। ਜੇਕਰ ਠਾਕੁਰ ਦਿਲੀਪ ਸਿੰਘ ਨੂੰ ਭਗੌੜਾ ਐਲਾਨ ਦਿੱਤਾ ਜਾਂਦਾ ਹੈ, ਤਾਂ ਸੀਬੀਆਈ ਅਤੇ ਪੁਲਿਸ ਵੱਲੋਂ ਉਨ੍ਹਾਂ ਦੀਆਂ ਜਾਇਦਾਦਾਂ ਜ਼ਬਤ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ, ਉਸ ਦੀ ਭਾਲ ਲਈ ਅੰਤਰਰਾਸ਼ਟਰੀ ਪੱਧਰ ’ਤੇ ਰੈੱਡ ਕਾਰਨਰ ਨੋਟਿਸ ਜਾਰੀ ਕਰਨ ਦੀ ਪ੍ਰਕਿਰਿਆ ਵੀ ਤੇਜ਼ ਕੀਤੀ ਜਾਵੇਗੀ।

Posted By: Daily Suraj Bureau

Latest News