Daily Suraj

ਪੰਜਾਬੀ

ਸੜਕ ਸੁਰੱਖਿਆ ਮਾਹ ਤਹਿਤ ਭਾਰਤ ਪੈਟਰੋਲੀਅਮ ਡਿਪੂ ਵਿਖੇ ਜਾਗਰੂਕਤਾ ਪ੍ਰੋਗਰਾਮ

16 Jan, 2026 06:41 PM

ਸੰਗਰੂਰ,(ਜਗਸੀਰ ਸਿੰਘ)-ਸੜਕ ਹਾਦਸਿਆਂ ਵਿੱਚ ਕਮੀ ਲਿਆਉਣ ਅਤੇ ਆਮ ਲੋਕਾਂ ਨੂੰ ਟਰੈਫ਼ਿਕ ਨਿਯਮਾਂ ਪ੍ਰਤੀ ਸੁਚੇਤ ਕਰਨ ਦੇ ਮਕਸਦ ਨਾਲ ਸੜਕ ਸੁਰੱਖਿਆ ਮਾਹ ਤਹਿਤ ਸੰਗਰੂਰ ਸਥਿਤ ਭਾਰਤ ਪੈਟਰੋਲੀਅਮ ਦੇ ਡਿਪੂ ਵਿਖੇ ਇੱਕ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਦੀ ਅਗਵਾਈ ਰਿਜਨਲ ਟਰਾਂਸਪੋਰਟ ਅਫ਼ਸਰ ਸ. ਕਰਨਬੀਰ ਸਿੰਘ ਛੀਨਾ ਵੱਲੋਂ ਕੀਤੀ ਗਈ, ਜਦਕਿ ਸਹਾਇਕ ਰਿਜਨਲ ਟਰਾਂਸਪੋਰਟ ਅਫ਼ਸਰ ਸ. ਗੁਰਜੀਤ ਸਿੰਘ ਔਲਖ ਅਤੇ ਸ. ਕਰਨਬੀਰ ਸਿੰਘ ਵੀ ਮੌਜੂਦ ਰਹੇ। ਇਸ ਮੌਕੇ ਰਿਜਨਲ ਟਰਾਂਸਪੋਰਟ ਅਫ਼ਸਰ ਸ. ਕਰਨਬੀਰ ਸਿੰਘ ਛੀਨਾ ਨੇ ਡਿਪੂ ਵਿੱਚ ਕੰਮ ਕਰ ਰਹੇ ਡਰਾਈਵਰਾਂ, ਕਰਮਚਾਰੀਆਂ ਅਤੇ ਸਟਾਫ਼ ਨੂੰ ਟਰੈਫ਼ਿਕ ਨਿਯਮਾਂ ਦੀ ਪਾਲਣਾ ਕਰਨ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਸੜਕ ਸੁਰੱਖਿਆ ਸਿਰਫ਼ ਸਰਕਾਰ ਜਾਂ ਵਿਭਾਗ ਦੀ ਜ਼ਿੰਮੇਵਾਰੀ ਨਹੀਂ, ਸਗੋਂ ਹਰ ਨਾਗਰਿਕ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਨੇ ਦੋ ਪਹੀਆ ਵਾਹਨ ਚਲਾਉਣ ਸਮੇਂ ਹੈਲਮੈਟ ਪਹਿਨਣ, ਚਾਰ ਪਹੀਆ ਵਾਹਨ ਚਲਾਉਂਦੇ ਸਮੇਂ ਸੀਟ ਬੈਲਟ ਲਗਾਉਣ, ਨਸ਼ੇ ਦੀ ਹਾਲਤ ਵਿੱਚ ਵਾਹਨ ਨਾ ਚਲਾਉਣ, ਤੇਜ਼ ਰਫ਼ਤਾਰ ਅਤੇ ਗਲਤ ਓਵਰਟੇਕਿੰਗ ਤੋਂ ਬਚਣ, ਅਤੇ ਵਾਹਨ ਦੇ ਦਸਤਾਵੇਜ਼ ਪੂਰੇ ਰੱਖਣ ਬਾਰੇ ਵੀ ਜਾਗਰੂਕ ਕੀਤਾ। ਸਹਾਇਕ ਰਿਜਨਲ ਟਰਾਂਸਪੋਰਟ ਅਫ਼ਸਰ ਸ. ਗੁਰਜੀਤ ਸਿੰਘ ਔਲਖ ਅਤੇ ਸ. ਕਰਨਬੀਰ ਸਿੰਘ ਨੇ ਵੀ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਨਾਲ ਹੋਣ ਵਾਲੇ ਹਾਦਸਿਆਂ ਅਤੇ ਜਾਨੀ-ਮਾਲੀ ਨੁਕਸਾਨ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਸਾਰਿਆਂ ਨੂੰ ਸੁਰੱਖਿਅਤ ਡਰਾਈਵਿੰਗ ਅਪਣਾਉਣ ਦੀ ਅਪੀਲ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਸੜਕ ਸੁਰੱਖਿਆ ਮਾਹ ਦੌਰਾਨ ਜ਼ਿਲ੍ਹੇ ਭਰ ਵਿੱਚ ਇਸ ਤਰ੍ਹਾਂ ਦੇ ਜਾਗਰੂਕਤਾ ਪ੍ਰੋਗਰਾਮ ਲਗਾਤਾਰ ਕਰਵਾਏ ਜਾ ਰਹੇ ਹਨ ਤਾਂ ਜੋ ਲੋਕਾਂ ਵਿੱਚ ਟਰੈਫ਼ਿਕ ਨਿਯਮਾਂ ਪ੍ਰਤੀ ਜ਼ਿੰਮੇਵਾਰਾਨਾ ਰਵੱਈਆ ਵਿਕਸਿਤ ਕੀਤਾ ਜਾ ਸਕੇ। ਇਸ ਮੌਕੇ ਵੱਖ ਵੱਖ ਅਧਿਕਾਰੀ, ਕਰਮਚਾਰੀ ਅਤੇ ਵੱਡੀ ਗਿਣਤੀ ਵਿੱਚ ਡਰਾਈਵਰ ਹਾਜ਼ਰ ਸਨ।

Latest News