Daily Suraj

ਪੰਜਾਬੀ

ਐਸ.ਟੀ.ਸੀ. ਮਸਤੂਆਣਾ ਸਾਹਿਬ ਵਿਖੇ ਰਾਸ਼ਟਰੀ ਖੇਡ ਦਿਵਸ ਪੂਰੇ ਜੋਸ਼ੋ-ਖਰੋਸ਼ ਨਾਲ ਮਨਾਇਆ

29 Aug, 2026 04:37 PM

ਮਸਤੂਆਣਾ ਸਾਹਿਬ, (ਜਗਸੀਰ ਸਿੰਘ ) - ਸਪੋਰਟਸ ਅਥਾਰਟੀ ਆਫ ਇੰਡੀਆ (ਸਾਈ) ਦੇ ਟ੍ਰੇਨਿੰਗ ਸੈਂਟਰ (ਐਸ.ਟੀ.ਸੀ.) ਮਸਤੂਆਣਾ ਸਾਹਿਬ ਵਿਖੇ ਅੱਜ ਭਾਰਤ ਦੇ ਮਹਾਨ ਹਾਕੀ ਜਾਦੂਗਰ ਮੇਜਰ ਧਿਆਨ ਚੰਦ ਜੀ ਦੀ ਜਨਮ ਜਯੰਤੀ ਨੂੰ ਸਮਰਪਿਤ 'ਰਾਸ਼ਟਰੀ ਖੇਡ ਦਿਵਸ' ਬਹੁਤ ਹੀ ਉਤਸ਼ਾਹ, ਸ਼ਾਨੋ-ਸ਼ੌਕਤ ਅਤੇ ਖੇਡ ਭਾਵਨਾ ਨਾਲ ਮਨਾਇਆ ਗਿਆ। ਇਸ ਸ਼ਾਨਦਾਰ ਸਮਾਗਮ ਨੇ ਜਿੱਥੇ ਖਿਡਾਰੀਆਂ ਵਿੱਚ ਨਵਾਂ ਜੋਸ਼ ਭਰਿਆ, ਉੱਥੇ ਹੀ ਇਲਾਕੇ ਦੀ ਨੌਜਵਾਨ ਪੀੜ੍ਹੀ ਨੂੰ ਖੇਡਾਂ ਨਾਲ ਜੁੜਨ ਦਾ ਇੱਕ ਸਾਰਥਕ ਸੁਨੇਹਾ ਵੀ ਦਿੱਤਾ।ਇਸ ਪ੍ਰਭਾਵਸ਼ਾਲੀ ਸਮਾਗਮ ਵਿੱਚ ਪੰਜਾਬ ਖੇਡ ਵਿਭਾਗ ਦੇ ਡਾਇਰੈਕਟਰ (ਕੋਚਿੰਗ) ਸ. ਜੀਵਨਜੋਤ ਸਿੰਘ ਤੇਜਾ ਅਤੇ ਜ਼ਿਲ੍ਹਾ ਪਰਿਸ਼ਦ ਸੰਗਰੂਰ ਦੇ ਚੇਅਰਮੈਨ ਸ. ਰਸ਼ਪਾਲ ਸਿੰਘ ਭੁੱਲਰ ਹੇੜੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਦੇ ਨਾਲ ਬਲਾਕ ਸਮਿਤੀ ਧੂਰੀ ਦੇ ਚੇਅਰਮੈਨ ਸ. ਰਣਜੋਧ ਸਿੰਘ ਨੇ ਵੀ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰੀ ਭਰੀ। ਸਮਾਗਮ ਦੀ ਰੌਣਕ ਵਧਾਉਣ ਲਈ ਖੇਡ ਅਤੇ ਸਿੱਖਿਆ ਜਗਤ ਦੀਆਂ ਕਈ ਉੱਘੀਆਂ ਸ਼ਖ਼ਸੀਅਤਾਂ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ, ਜਿਨ੍ਹਾਂ ਵਿੱਚ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਦੇ ਸਕੱਤਰ ਸ. ਜਸਵੰਤ ਸਿੰਘ ਖਹਿਰਾ, ਐਸ.ਟੀ.ਸੀ. ਦੇ ਅਸਿਸਟੈਂਟ ਡਾਇਰੈਕਟਰ ਸ. ਪੁਸ਼ਕਰ ਸਿੰਘ ਮਾਲੜਾ, ਜ਼ਿਲ੍ਹਾ ਖੇਡ ਅਫ਼ਸਰ ਸੰਗਰੂਰ ਸ. ਨਵਦੀਪ ਸਿੰਘ, ਸਾਬਕਾ ਇੰਚਾਰਜ ਚੀਫ ਹੈਂਡਬਾਲ ਕੋਚ ਸ. ਮਨਜੀਤ ਸਿੰਘ ਬਾਲੀਆਂ, ਕੌਂਸਲ ਮੈਂਬਰ ਸ੍ਰ. ਹਰਿੰਦਰਵੀਰ ਸਿੰਘ ਕਾਕਾ, ਅਕਾਲ ਕਾਲਜ ਕੌਂਸਲ ਦੇ ਡਿਪਟੀ ਡਾਇਰੈਕਟਰ ਸਪੋਰਟਸ ਸ੍ਰੀ. ਜਤਿੰਦਰ ਦੇਵ ਫਿਜੀਕਲ ਕਾਲਜ ਮਸਤੂਆਣਾ ਸਾਹਿਬ ਦੇ ਪ੍ਰਿੰਸੀਪਲ ਡਾ.ਗੀਤਾ ਠਾਕੁਰ, ਡਾ. ਓਂਕਾਰ ਸਿੰਘ ਸਾਬਾਕ ਪ੍ਰਿੰਸੀਪਲ ਅਤੇ ਪੰਜਾਬ ਐਂਡ ਸਿੰਧ ਬੈਂਕ ਦੇ ਹਾਕੀ ਕੋਚ ਲਾਲੀ ਜੀ ਸ਼ਾਮਲ ਸਨ।ਆਪਣੇ ਸੰਬੋਧਨ ਵਿੱਚ ਮੁੱਖ ਮਹਿਮਾਨਾਂ ਨੇ ਖਿਡਾਰੀਆਂ ਦਾ ਮਾਰਗਦਰਸ਼ਨ ਕਰਦਿਆਂ ਕਿਹਾ ਕਿ ਖੇਡਾਂ ਨੌਜਵਾਨਾਂ ਦੇ ਸਰਵਪੱਖੀ ਵਿਕਾਸ ਲਈ ਰੀੜ੍ਹ ਦੀ ਹੱਡੀ ਵਾਂਗ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਖੇਡ ਮੈਦਾਨ ਵਿੱਚੋਂ ਸਿੱਖਿਆ ਅਨੁਸ਼ਾਸਨ, ਸਖ਼ਤ ਮਿਹਨਤ, ਟੀਮ ਵਰਕ ਅਤੇ ਆਤਮ-ਵਿਸ਼ਵਾਸ ਇਨਸਾਨ ਨੂੰ ਜ਼ਿੰਦਗੀ ਦੇ ਹਰ ਮੁਕਾਮ 'ਤੇ ਸਫ਼ਲ ਬਣਾਉਂਦਾ ਹੈ। ਉਨ੍ਹਾਂ ਨੇ ਖਿਡਾਰੀਆਂ ਨੂੰ ਇਮਾਨਦਾਰੀ ਅਤੇ ਲਗਨ ਨਾਲ ਆਪਣੇ ਮਿੱਥੇ ਟੀਚਿਆਂ ਵੱਲ ਵਧਣ ਲਈ ਪ੍ਰੇਰਿਤ ਕੀਤਾ।ਇਸ ਮੌਕੇ ਬੁਲਾਰਿਆਂ ਨੇ ਐਸ.ਟੀ.ਸੀ. ਮਸਤੂਆਣਾ ਸਾਹਿਬ ਦੇ ਕੋਚਾਂ ਅਤੇ ਖਿਡਾਰੀਆਂ ਵੱਲੋਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਮਾਰੀਆਂ ਜਾ ਰਹੀਆਂ ਮੱਲਾਂ ਦੀ ਰੱਜ ਕੇ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਕੋਚਾਂ ਦੀ ਸਮਰਪਣ ਭਾਵਨਾ ਅਤੇ ਖਿਡਾਰੀਆਂ ਦੀ ਅਣਥੱਕ ਮਿਹਨਤ ਸਦਕਾ ਹੀ ਇਹ ਸੰਸਥਾ ਖੇਡ ਜਗਤ ਵਿੱਚ ਨਾਮਣਾ ਖੱਟ ਰਹੀ ਹੈ। ਇਸ ਦੇ ਨਾਲ ਹੀ ਅਕਾਲ ਕਾਲਜ ਕੌਂਸਲ ਵੱਲੋਂ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਦਿੱਤੇ ਜਾ ਰਹੇ ਵੱਡਮੁੱਲੇ ਯੋਗਦਾਨ ਦੀ ਵੀ ਵਿਸ਼ੇਸ਼ ਤੌਰ 'ਤੇ ਤਾਰੀਫ਼ ਕੀਤੀ ਗਈ। ਮਹਿਮਾਨਾਂ ਨੇ ਕਿਹਾ ਕਿ ਸਰਕਾਰੀ ਅਤੇ ਗੈਰ-ਸਰਕਾਰੀ ਸੰਸਥਾਵਾਂ ਦਾ ਇਹ ਸਾਂਝਾ ਸਹਿਯੋਗ ਖੇਡਾਂ ਦੇ ਵਿਕਾਸ ਲਈ ਅਤਿ ਮਹੱਤਵਪੂਰਨ ਹੈ। ਰਾਸ਼ਟਰੀ ਖੇਡ ਦਿਵਸ ਦੇ ਇਸ ਪਵਿੱਤਰ ਮੌਕੇ 'ਤੇ ਸਮੂਹ ਕੋਚਾਂ ਅਤੇ ਖਿਡਾਰੀਆਂ ਨੇ ਇਕਜੁੱਟ ਹੋ ਕੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰਹਿਣ, ਤੰਦਰੁਸਤ ਜੀਵਨ-ਸ਼ੈਲੀ ਅਪਣਾਉਣ ਅਤੇ ਦੇਸ਼ ਦਾ ਨਾਂ ਰੌਸ਼ਨ ਕਰਨ ਦਾ ਅਹਿਦ ਲਿਆ। ਅੰਤ ਵਿੱਚ ਐਸ.ਟੀ.ਸੀ. ਮਸਤੂਆਣਾ ਸਾਹਿਬ ਪ੍ਰਬੰਧਨ ਵੱਲੋਂ ਸਮਾਗਮ ਵਿੱਚ ਪਹੁੰਚੇ ਮੁੱਖ ਮਹਿਮਾਨਾਂ, ਪਤਵੰਤੇ ਸੱਜਣਾਂ, ਕੋਚਾਂ, ਖਿਡਾਰੀਆਂ ਅਤੇ ਸਮੂਹ ਸਟਾਫ਼ ਦਾ ਇਸ ਦਿਹਾੜੇ ਨੂੰ ਯਾਦਗਾਰੀ ਬਣਾਉਣ ਲਈ ਉਚੇਚੇ ਤੌਰ 'ਤੇ ਧੰਨਵਾਦ ਕੀਤਾ ਗਿਆ।

Posted By: Daily Suraj Bureau

Latest News