Daily Suraj

ਪੰਜਾਬੀ

ਪੰਜਾਬ ਚੋਣਾਂ ਤੋਂ ਪਹਿਲਾਂ ਮੋਗਾ ‘ਚ ਭਾਜਪਾ ਦੀ ਤਾਕਤ ਦਾ ਪ੍ਰਦਰਸ਼ਨ, ਅਮਿਤ ਸ਼ਾਹ ਦੀ ਰੈਲੀ ‘ਤੇ ਸਭ ਦੀ ਨਜ਼ਰ

14 Mar, 2026 01:04 PM

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਭਲਕੇ ਸ਼ਨਿੱਚਰਵਾਰ ਨੂੰ ਜ਼ਿਲ੍ਹਾ ਮੋਗਾ ਦੇ ਪਿੰਡ ਕਿਲੀ ਚਾਹਲਾਂ ਵਿੱਚ ‘ਬਦਲਾਅ’ ਰੈਲੀ ਨੂੰ ਸੰਬੋਧਨ ਕਰਨਗੇ। ਰੈਲੀ ਨੂੰ ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਦੇ ਬਿਗਲ ਵਜੋਂ ਦੇਖਿਆ ਜਾ ਰਿਹਾ ਹੈ। ਸ਼ਾਹ ਬਾਅਦ ਦੁਪਹਿਰ 12.30 ਵਜੇ ਰੈਲੀ ਵਾਲੀ ਸਟੇਜ ’ਤੇ ਪੁੱਜਣਗੇ। ਰੈਲੀ ’ਚ ਕਈ ਸਿਆਸੀ ਪੱਤੇ ਖੁੱਲ੍ਹਣ ਦੇ ਆਸਾਰ ਹਨ। ਸੱਤਾਧਾਰੀ ਧਿਰ, ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਦੀ ਵੀ ਰੈਲੀ ’ਤੇ ਨਜ਼ਰ ਰਹੇਗੀ। ਸੂਤਰਾਂ ਮੁਤਾਬਕ ਕੇਂਦਰੀ ਗ੍ਰਹਿ ਮੰਤਰੀ ‘ਆਓ ਮਿਲਜੁਲ ਕੇ ਬਦਲੀਏ ਪੰਜਾਬ, ਸੁਖੀ ਰਹੇ ਸਾਡਾ ਪੰਜਾਬ’ ਬੈਨਰ ਹੇਠ ਕੀਤੀ ਜਾਣ ਵਾਲੀ ਰੈਲੀ ਦੌਰਾਨ ਪੰਜਾਬ ’ਚ ਸਾਰੀਆਂ ਸੀਟਾਂ ’ਤੇ ਇਕੱਲੇ ਚੋਣ ਲੜਨ ਦਾ ਐਲਾਨ ਕਰ ਸਕਦੇ ਹਨ। ਉਹ ਪੰਜਾਬ ਲਈ ਭਾਜਪਾ ਵੱਲੋਂ ਤਿਆਰ ਰੋਡਮੈਪ ਵੀ ਲੋਕਾਂ ਅੱਗੇ ਰੱਖਣਗੇ। ਭਾਸ਼ਣ ਖੇਤੀ ’ਤੇ ਕੇਂਦਰਤ ਰਹਿਣ ਦੀ ਸੰਭਾਵਨਾ ਹੈ। ਸੂਤਰ ਦੱਸਦੇ ਹਨ ਕਿ ਫ਼ਿਲਹਾਲ ਕੇਂਦਰੀ ਗ੍ਰਹਿ ਮੰਤਰੀ ਵੱਲੋਂ ਪੰਜਾਬ ਲਈ ਕੋਈ ਖ਼ਾਸ ਐਲਾਨ ਕੀਤੇ ਜਾਣ ਦੀ ਘੱਟ ਸੰਭਾਵਨਾ ਹੈ। ਭਾਜਪਾ ਤਾਕਤ ਦਾ ਪ੍ਰਦਰਸ਼ਨ ਕਰ ਕੇ ਆਗਾਮੀ ਚੋਣਾਂ ਲਈ ਰਾਜਸੀ ਮਾਹੌਲ ਸਿਰਜਣ ਦੇ ਰੌਂਅ ’ਚ ਹੈ। ਕੇਂਦਰੀ ਗ੍ਰਹਿ ਮੰਤਰੀ ਸਿੱਖਾਂ ਲਈ ਕੀਤੇ ਕੰਮਾਂ ’ਤੇ ਚਰਚਾ ਕਰਨਗੇ ਅਤੇ ‘ਆਪ’ ਸਰਕਾਰ ਨੂੰ ਵੀ ਘੇਰਨਗੇ। ਨਸ਼ਿਆਂ ਦੇ ਮੁੱਦੇ ਨੂੰ ਵੀ ਛੋਹ ਸਕਦੇ ਹਨ। ਉਹ ਦੂਜੇ ਸੂਬਿਆਂ ’ਚ ਕਿਸਾਨਾਂ ਲਈ ਕੀਤੇ ਕੰਮਾਂ ਦਾ ਸ਼ੀਸ਼ਾ ਪੰਜਾਬ ਦੀ ਕਿਸਾਨੀ ਨੂੰ ਦਿਖਾਉਣਗੇ। ਬੇਸ਼ੱਕ ਕੇਂਦਰ ਨੇ ਤਿੰਨ ਖੇਤੀ ਕਾਨੂੰਨ ਵਾਪਸ ਲੈ ਲਏ ਸਨ ਪਰ ਕਿਸਾਨੀ ’ਚ ਭਾਜਪਾ ਖ਼ਿਲਾਫ਼ ਰੋਹ ਮੱਠਾ ਨਹੀਂ ਪਿਆ। ਰੈਲੀ ਲਈ ਪਿੰਡ ਕਿਲੀ ਚਾਹਲਾਂ ’ਚ ਕਰੀਬ 60 ਏਕੜ ਜਗ੍ਹਾ ਠੇਕੇ ’ਤੇ ਲਈ ਹੈ। ਰੈਲੀ ਲਈ 12-13 ਏਕੜ ’ਚ ਪੰਡਾਲ ਲੱਗੇਗਾ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੀ ਰੈਲੀ ’ਚ ਪੁੱਜਣਗੇ।

Posted By: Daily Suraj Bureau

Latest News