Daily Suraj

ਪੰਜਾਬੀ

ਡੇਅਰੀ ਵਿਕਾਸ ਵਿਭਾਗ ਰੂਪਨਗਰ ਵੱਲੋਂ ਪਿੰਡ ਮੜੌਲੀ ਕਲਾਂ ਵਿਖੇ ਇਕ ਰੋਜ਼ਾ ਦੁੱਧ ਉਤਪਾਦਕਤਾ ਜਾਗਰੂਕਤਾ ਕੈਂਪ ਲਗਾਇਆ ਗਿਆ

04 Dec, 2024 05:30 AM

ਮੋਰਿੰਡਾ : ਪੰਜਾਬ ਡੇਅਰੀ ਵਿਕਾਸ ਬੋਰਡ ਅਤੇ ਡੇਅਰੀ ਵਿਕਾਸ ਵਿਭਾਗ ਰੂਪਨਗਰ ਵੱਲੋਂ ਅੱਜ ਬਲਾਕ ਮੋਰਿੰਡਾ ਦੇ ਪਿੰਡ ਮੜੌਲੀ ਕਲਾ ਵਿਖੇ ਇੱਕ ਦਿਨਾਂ ਦੁੱਧ ਉਤਪਾਦਕਤਾ ਜਾਗਰੂਕਤਾ ਕੈਂਪ ਲਗਾਇਆ ਗਿਆ ਜਿਸ ਵਿੱਚ ਡੇਅਰੀ ਫਾਰਮਿੰਗ ਤੋਂ ਵੱਧ ਮੁਨਾਫ਼ਾ ਲੈਣ ਲਈ ਸਾਰੇ ਪਹਿਲੂਆਂ ਬਾਰੇ ਡੇਅਰੀ ਫਾਰਮਰਾਂ ਨੂੰ ਜਾਣਕਾਰੀ ਦਿੱਤੀ ਗਈ। ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਰੂਪਨਗਰ ਸ. ਹਰਪ੍ਰੀਤ ਸਿੰਘ ਨੇ ਦੱਸਿਆ ਕਿ ਡੇਅਰੀ ਵਿਕਾਸ ਵਿਭਾਗ ਵੱਲੋਂ ਕੁਰਾਲੀ ਮੋਰਿੰਡਾ ਰੋਡ ਤੇ ਪੈਂਦੇ ਡੇਅਰੀ ਸਿਖਲਾਈ ਕੇਂਦਰ ਚਤਾਮਲੀ ਵਿਖੇ ਵੱਖ-ਵੱਖ ਤਰ੍ਹਾਂ ਦੀਆਂ ਡੇਅਰੀ ਸਿਖਲਾਈਆਂ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਜਿਹੜੇ ਵੀ ਕਿਸਾਨ ਡੇਅਰੀ ਦਾ ਕਿੱਤਾ ਕਰਨਾ ਚਾਹੁੰਦੇ ਹਨ, ਉਹ ਵਿਭਾਗ ਕੋਲੋਂ ਆਧੁਨਿਕ ਸਿਖਲਾਈ ਪ੍ਰਾਪਤ ਕਰਕੇ ਡੇਅਰੀ ਤੋਂ ਮੁਨਾਫ਼ਾ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਜੋ ਕਿਸਾਨ ਡੇਅਰੀ ਤੋਂ ਵੱਧ ਮੁਨਾਫ਼ਾ ਕਮਾਉਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਦੁੱਧ ਦੇ ਮੰਡੀਕਰਨ ਨੂੰ ਸਿੱਖਣਾ ਚਾਹੀਦਾ ਹੈ। ਯੂਕੋ ਬੈਂਕ ਰੋਪੜ ਤੋਂ ਆਏ ਜੀ.ਐਸ ਰੋਨੀ ਨੇ ਦੱਸਿਆ ਕਿ ਬੈਂਕਾਂ ਤੋਂ ਡੇਅਰੀ ਕਰਜ਼ਾ ਕਿਸ ਤਰਾਂ ਪ੍ਰਾਪਤ ਕਰਨਾ ਚਾਹੀਦਾ ਹੈ, ਇਸ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਦੇ ਨਾਲ ਹੀ ਪਸ਼ੂ ਪਾਲਣ ਵਿਭਾਗ ਤੋਂ ਆਏ ਡਾ. ਗੋਪਾਲ ਨੇ ਵਿਭਾਗ ਦੀਆਂ ਸਕੀਮਾਂ ਬਾਰੇ ਜਾਣੂ ਕਰਵਾਇਆ। ਡੇਅਰੀ ਸਿਖਲਾਈ ਚਤਾਮਲੀ ਤੋਂ ਪਹੁੰਚੇ ਪਸ਼ੂ ਮਾਹਰ ਡਾ. ਅਮਰਜੀਤ ਸਿੰਘ ਢਿੱਲੋਂ ਨੇ ਦੁਧਾਰੂ ਪਸ਼ੂਆਂ ਦੀਆਂ ਨਸਲਾਂ, ਸੰਤੁਲਿਤ ਪਸ਼ੂ ਆਹਾਰ, ਪਸ਼ੂਆਂ ਦੀਆਂ ਸਰਦੀਆਂ ਵਿਚ ਦੇਖਭਾਲ ਅਤੇ ਬਿਮਾਰੀਆਂ ਤੋਂ ਬਚਾਉਣ ਸੰਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਪਿੰਡ ਦੇ ਸਰਪੰਚ ਸ. ਗੁਰਮੀਤ ਸਿੰਘ ਮੜੌਲੀ ਕਲਾਂ ਨੇ ਡੇਅਰੀ ਵਿਕਾਸ ਵਿਭਾਗ ਪੰਜਾਬ ਦੀ ਸਮੁੱਚੀ ਟੀਮ ਨੂੰ ਇਸ ਕੈਂਪ ਨੂੰ ਉਨ੍ਹਾਂ ਦੇ ਪਿੰਡ ਵਿੱਚ ਲਗਾਉਣ ਤੇ ਤਹਿ ਦਿਲੋਂ ਧੰਨਵਾਦ ਕੀਤਾ। 

Posted By: Daily Suraj Bureau

Latest News