Daily Suraj

ਪੰਜਾਬੀ

ਫਿਰੋਜ਼ਪੁਰ ਕੇਂਦਰੀ ਜੇਲ੍ਹ ਤੋਂ ਹਵਾਲਾਤੀ ਨੇ ਬਣਾਈ Instagram ਵੀਡੀਓ, ਮੋਬਾਈਲ ਤੇ ਸਿਮ ਕਾਰਡ ਬਰਾਮਦ

14 Jul, 2026 06:15 PM

ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਵਿੱਚ ਸੁਰੱਖਿਆ ਪ੍ਰਬੰਧਾਂ ਨਾਲ ਜੁੜਿਆ ਇੱਕ ਮਾਮਲਾ ਸਾਹਮਣੇ ਆਇਆ ਹੈ। ਜੇਲ੍ਹ ਵਿੱਚ ਬੰਦ ਇੱਕ ਹਵਾਲਾਤੀ ਨੇ ਜੇਲ੍ਹ ਦੇ ਅੰਦਰੋਂ ਵੀਡੀਓ ਬਣਾ ਕੇ ਆਪਣੇ ਇੰਸਟਾਗ੍ਰਾਮ ਖਾਤੇ ‘ਤੇ ਅਪਲੋਡ ਕਰ ਦਿੱਤੀ। ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਕਰਦਿਆਂ ਤਲਾਸ਼ੀ ਮੁਹਿੰਮ ਚਲਾਈ, ਜਿਸ ਦੌਰਾਨ ਇੱਕ ਮੋਬਾਈਲ ਫੋਨ ਅਤੇ ਇੱਕ ਸਿਮ ਕਾਰਡ ਬਰਾਮਦ ਕੀਤਾ ਗਿਆ। ਪੁਲਿਸ ਮੁਤਾਬਕ, ਥਾਣਾ ਸਿਟੀ ਫਿਰੋਜ਼ਪੁਰ ਦੇ ਐੱਸ.ਆਈ. ਸੁਖਦੇਵ ਸਿੰਘ ਨੇ ਦੱਸਿਆ ਕਿ ਕੇਂਦਰੀ ਜੇਲ੍ਹ ਦੇ ਸਹਾਇਕ ਸੁਪਰਡੈਂਟ ਬਲਵਿੰਦਰ ਸਿੰਘ ਨੇ ਲਿਖਤੀ ਸ਼ਿਕਾਇਤ ਦਿੱਤੀ ਸੀ। ਸ਼ਿਕਾਇਤ ਵਿੱਚ ਦੱਸਿਆ ਗਿਆ ਕਿ 10 ਜੁਲਾਈ ਨੂੰ ਜੇਲ੍ਹ ਵਿੱਚ ਬੰਦ ਹਵਾਲਾਤੀ ਗੁਰਿੰਦਰ ਸਿੰਘ, ਪੁੱਤਰ ਸੁਰਿੰਦਰ ਸਿੰਘ, ਵਾਸੀ ਪਿੰਡ ਪੱਡੇ ਬੇਟ, ਥਾਣਾ ਢਿੱਲਵਾਂ, ਜ਼ਿਲ੍ਹਾ ਕਪੂਰਥਲਾ, ਨੇ ਜੇਲ੍ਹ ਦੇ ਅੰਦਰੋਂ ਵੀਡੀਓ ਬਣਾਈ ਅਤੇ ਉਸ ਨੂੰ ਆਪਣੇ ਇੰਸਟਾਗ੍ਰਾਮ ਖਾਤੇ ‘ਤੇ ਸਾਂਝਾ ਕੀਤਾ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਜੇਲ੍ਹ ਅਧਿਕਾਰੀਆਂ ਨੇ ਹਵਾਲਾਤੀ ਦੀ ਨਿੱਜੀ ਤਲਾਸ਼ੀ ਲਈ, ਪਰ ਸ਼ੁਰੂਆਤੀ ਜਾਂਚ ਦੌਰਾਨ ਉਸ ਕੋਲੋਂ ਕੋਈ ਵੀ ਮੋਬਾਈਲ ਫੋਨ ਜਾਂ ਹੋਰ ਇਤਰਾਜ਼ਯੋਗ ਵਸਤੂ ਬਰਾਮਦ ਨਹੀਂ ਹੋਈ। ਇਸ ਤੋਂ ਬਾਅਦ ਕੀਤੀ ਗਈ ਪੁੱਛਗਿੱਛ ਦੌਰਾਨ ਹਵਾਲਾਤੀ ਨੇ ਮੰਨਿਆ ਕਿ ਉਸ ਨੇ ਵੀਡੀਓ ਬਣਾਈ ਸੀ। ਉਸ ਨੇ ਦੱਸਿਆ ਕਿ ਇਹ ਵੀਡੀਓ ਉਸ ਸਮੇਂ ਰਿਕਾਰਡ ਕੀਤੀ ਗਈ ਸੀ ਜਦੋਂ ਉਸ ਨੂੰ ਕੁਝ ਦਿਨ ਪਹਿਲਾਂ ‘ਜਦੀਦ ਚੁੱਕੀਆਂ’ ਵਿੱਚ ਰੱਖਿਆ ਗਿਆ ਸੀ। ਹਵਾਲਾਤੀ ਦੀ ਨਿਸ਼ਾਨਦੇਹੀ ‘ਤੇ ਜੇਲ੍ਹ ਪ੍ਰਸ਼ਾਸਨ ਨੇ ਬੈਰਕ ਨੰਬਰ 11 ਦੇ ਬਾਹਰ ਬਣੀਆਂ ਭੱਠੀਆਂ ਦੀ ਤਲਾਸ਼ੀ ਲਈ। ਇਸ ਦੌਰਾਨ ਉੱਥੋਂ ਲੁਕਾ ਕੇ ਰੱਖਿਆ ਗਿਆ ਇੱਕ ਮੋਬਾਈਲ ਫੋਨ ਅਤੇ ਇੱਕ ਸਿਮ ਕਾਰਡ ਬਰਾਮਦ ਹੋਇਆ। ਪੁਲਿਸ ਨੇ ਦੱਸਿਆ ਕਿ ਜੇਲ੍ਹ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਹਵਾਲਾਤੀ ਗੁਰਿੰਦਰ ਸਿੰਘ ਖ਼ਿਲਾਫ਼ ਜੇਲ੍ਹ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ ਅਤੇ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਮੋਬਾਈਲ ਫੋਨ ਜੇਲ੍ਹ ਦੇ ਅੰਦਰ ਕਿਵੇਂ ਪਹੁੰਚਿਆ।

Posted By: Daily Suraj Bureau

Latest News