Daily Suraj

ਪੰਜਾਬੀ

ਸਬਜ਼ੀ ਫਰੂਟ ਮੰਡੀ ਆੜ੍ਹਤੀਆਂ ਵੱਲੋਂ ਅਣਮਿੱਥੇ ਸਮੇਂ ਲਈ ਹੜ੍ਹਤਾਲ ਸ਼ੁਰੂ

14 May, 2025 12:04 AM

ਸ੍ਰੀ ਮੁਕਤਸਰ ਸਾਹਿਬ : ਸਬਜ਼ੀ ਫਰੂਟ ਮੰਡੀ ਆੜ੍ਹਤੀਆ ਐਸੋਸੀਏਸ਼ਨ ਵੱਲੋਂ ਮੰਡੀ ਦੇ ਫੜ ’ਤੇ ਇੱਕ ਨਵੇਂ ਆੜ੍ਹਤੀਏ ਵੱਲੋਂ ਕਬਜ਼ਾ ਕਰਨ ਖਿਲਾਫ਼ ਸਮੁੱਚੀ ਐਸੋਸੀਏਸ਼ਨ ਵੱਲੋਂ ਅੱਜ ਤੋਂ ਸਬਜ਼ੀ ਫਰੂਟ ਮੰਡੀ ਅਣਮਿਥੇ ਸਮੇਂ ਲਈ ਬੰਦ ਕਰਕੇ ਹੜ੍ਹਤਾਲ ਕਰ ਦਿੱਤੀ ਹੈ। ਮੰਡੀ ਦੇ ਪ੍ਰਧਾਨ ਹਨੀ ਤੋਂ ਇਲਾਵਾ ਪੱਪੂ ਰਾਜਦੇਵ, ਨਰੇਸ਼ ਦਾਬੜਾ, ਅਨਿਲ ਅਨੇਜਾ, ਮੋਹਨ ਲਾਲ, ਰਾਜ ਕੁਮਾਰ, ਲਾਡੀ ਭਾਟੀਆ, ਰੋਹਿਤ, ਅਮਨ, ਅਭੀ ਕੁਮਾਰ, ਮਧੂ ਮੰਗਲ ਆਦਿ ਨੇ ਦੱਸਿਆ ਕਿ ਉਪਰੋਕਤ ਫੜ ’ਤੇ ਲਕਸ਼ਮੀ ਫਰੂਟ ਕੰਪਨੀ ਦੇ ਪੱਪੂ ਰਾਜਦੇਵ ਪਿਛਲੇ ਕਰੀਬ 50 ਸਾਲਾਂ ਤੋਂ ਕੰਮ ਕਰ ਰਹੇ ਹਨ, ਪਰ ਹੁਣ ਨਵੇਂ ਬਣੇ ਆੜ੍ਹਤੀਏ ਅਭੀ ਕੁਮਾਰ ਨੇ ਕਬਜਾ ਕਰ ਲਿਆ ਹੈ, ਜਿਸ ਦੀ ਅਸੀਂ ਸਕੱਤਰ ਮਾਰਕਿਟ ਕਮੇਟੀ ਮੁਕਤਸਰ ਬਲਕਾਰ ਸਿੰਘ ਅਤੇ ਚੇਅਰਮੈਨ ਨੂੰ ਸ਼ਿਕਾਇਤ ਦੇ ਚੁੱਕੇ ਹਾਂ, ਪਰ ਉਨ੍ਹਾਂ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀ ਕੀਤੀ ਗਈ। ਇਸ ਮੌਕੇ ਆੜ੍ਹਤੀਆਂ ਦੀ ਹਮਾਇਤ ਕਰਦਿਆਂ ਵਪਾਰ ਮੰਡਲ ਦੇ ਪ੍ਰਧਾਨ ਇੰਦਰਜ਼ੀਤ ਬਾਂਸਲ, ਬੀਜੇਪੀ ਦੇ ਜ਼ਿਲ੍ਹਾ ਪ੍ਰਧਾਨ ਗੋਰਾ ਪਠੇਲਾ, ਸੀਪੀਐਮ ਦੇ ਆਗੂ ਕਾਮਰੇਡ ਧਰਮਪਾਲ ਝਬੇਲਵਾਲੀ, ਸਮਾਜ ਸੇਵੀ ਅਸ਼ੋਕ ਮਹਿੰਦਰਾ, ਕਿਸਾਨ ਆਗੂ ਹਰਪ੍ਰੀਤ ਸਿੰਘ ਝਬੇਲਵਾਲੀ, ਕਾਮਰੇਡ ਹਰਵਿੰਦਰ ਪਾਲ ਆਦਿ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸਬਜ਼ੀ ਫਰੂਟ ਮੰਡੀ ਆੜ੍ਹਤੀਆਂ ਦੇ ਮਸਲੇ ਨੂੰ ਜਲਦੀ ਹੱਲ ਕਰਾਇਆ ਜਾਵੇ। ਉਧਰ ਦੂਜੇ ਪਾਸੇ ਕਬਜ਼ਾ ਕਰਨ ਵਾਲੇ ਨਵੇ ਆੜ੍ਹਤੀਏ ਅਭੀ ਕੁਮਾਰ ਨੇ ਕਿਹਾ ਕਿ ਇਹ ਥਾਂ ਪਿਛਲੇ ਕਈ ਸਾਲਾਂ ਤੋਂ ਖਾਲੀ ਪਾਈ ਸੀ ਅਤੇ ਉਸਨੇ ਮਾਰਕਿਟ ਕਮੇਟੀ ਤੋਂ ਦੋ ਸਾਲ ਪਹਿਲਾਂ ਲਾਇਸੰਸ ਵੀ ਬਣਵਾਇਆ ਸੀ। ਉਨ੍ਹਾਂ ਕਿਹਾ ਕਿ ਇਹ ਆੜ੍ਹਤੀਏ ਮੇਰੇ ’ਤੇ ਨਜ਼ਾਇਜ਼ ਦਬਾਅ ਪਾ ਰਹੇ ਹਨ। ਇਸ ਮਸਲੇ ਸਬੰਧੀ ਜਦੋਂ ਮਾਰਕਿਟ ਕਮੇਟੀ ਮੁਕਤਸਰ ਦੇ ਸਕੱਤਰ ਬਲਕਾਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਅਸੀਂ ਕਿਸੇ ਨੂੰ ਵੀ ਪੱਕੀ ਥਾਂ ਅਲਾਟ ਨਹੀਂ ਕੀਤੀ ਕਿਸਾਨ ਅਤੇ ਆੜ੍ਹਤੀਏ ਕਿਤੇ ਵੀ ਖਾਲੀ ਥਾਂ ’ਤੇ ਆਪਣਾ ਸਮਾਨ ਰੱਖ ਕੇ ਕੰਮ ਕਰ ਸਕਦਾ ਹੈ। ਇਹ ਮਾਰਕਿਟ ਮੰਡੀ ਦੀ ਮਲਕੀਅਤ ਹੈ ਕਿਸੇ ਦੀ ਨਿੱਜੀ ਪ੍ਰੋਪਰਟੀ ਨਹੀਂ ਹੈ।

#VegetableMarket #FruitMandis #ArhtiyaStrike #MandiBandh #PunjabNews #SupplyDisruption #FarmersIssue #PriceHike #MarketStrike #AgricultureNews

Posted By: Daily Suraj Bureau

Latest News