ਮੌਤ ਤੋਂ ਬਾਅਦ ਸੁਖਦੇਵ ਕੌਰ ਦੀਆਂ ਅੱਖਾਂ ਦਾਨ, ਸਰੀਰ ਮੈਡੀਕਲ ਸਿੱਖਿਆ ਲਈ ਸਮਰਪਿਤ
ਲੁਧਿਆਣਾ ਵਿੱਚ ਇੱਕ ਪਰਿਵਾਰ ਨੇ ਮਰਨ ਉਪਰੰਤ ਅਜਿਹੀ ਮਿਸਾਲ ਕਾਇਮ ਕੀਤੀ, ਜਿਸ ਨੇ ਹਰ ਕਿਸੇ ਦਾ ਧਿਆਨ ਖਿੱਚਿਆ। ਘਰੋਂ ਸੱਸ ਦੀ ਅੰਤਿਮ ਯਾਤਰਾ ਸ਼ੁਰੂ ਹੋਣ ਸਮੇਂ ਮ੍ਰਿਤਕਾ ਸੁਖਦੇਵ ਕੌਰ ਦੀਆਂ ਦੋਵੇਂ ਨੂੰਹਾਂ ਨੇ ਅਰਥੀ ਨੂੰ ਮੋਢਾ ਦਿੱਤਾ, ਜਦਕਿ ਉਨ੍ਹਾਂ ਦੇ ਦੋਵੇਂ ਪੁੱਤਰਾਂ ਨੇ ਪਿੱਛੇ ਤੋਂ ਮੋਢਾ ਲਾ ਕੇ ਆਪਣੀ ਮਾਂ ਨੂੰ ਅੰਤਿਮ ਵਿਦਾਈ ਦਿੱਤੀ। ਕੁਝ ਦੂਰੀ ਤੱਕ ਨੂੰਹਾਂ ਨੇ ਆਪਣੀ ਸੱਸ ਦੀ ਅਰਥੀ ਨੂੰ ਮੋਢਾ ਦਿੱਤਾ। ਇਸ ਤੋਂ ਬਾਅਦ ਪਰਿਵਾਰ ਨੇ ਮ੍ਰਿਤਕਾ ਦਾ ਸਰੀਰ ਹਾਰਮਨੀ ਆਯੁਰਵੈਦਿਕ ਕਾਲਜ ਐਂਡ ਹਸਪਤਾਲ, ਫਿਰੋਜ਼ਪੁਰ ਦੀ ਮੈਨੇਜਮੈਂਟ ਨੂੰ ਸੌਂਪ ਦਿੱਤਾ। ਹਸਪਤਾਲ ਦੀ ਟੀਮ ਸਰੀਰ ਨੂੰ ਫਿਰੋਜ਼ਪੁਰ ਲੈ ਗਈ, ਜਿੱਥੇ ਮੈਡੀਕਲ ਵਿਦਿਆਰਥੀਆਂ ਦੀ ਪੜ੍ਹਾਈ ਅਤੇ ਪ੍ਰੈਕਟੀਕਲ ਲਈ ਇਸ ਦੀ ਵਰਤੋਂ ਕੀਤੀ ਜਾਵੇਗੀ। ਸੁਖਦੇਵ ਕੌਰ ਦੀਆਂ ਅੱਖਾਂ ਵੀ ਮੌਤ ਤੋਂ ਬਾਅਦ ਦਾਨ ਕੀਤੀਆਂ ਗਈਆਂ। ਇਹ ਅੱਖਾਂ ਡਾ. ਰਮੇਸ਼ ਸੁਪਰਸਪੈਸ਼ਲਿਟੀ ਆਈ ਐਂਡ ਲੇਜ਼ਰ ਸੈਂਟਰ ਨੂੰ ਦਿੱਤੀਆਂ ਗਈਆਂ ਹਨ। ਪਰਿਵਾਰ ਨੂੰ ਉਮੀਦ ਹੈ ਕਿ ਇਨ੍ਹਾਂ ਅੱਖਾਂ ਰਾਹੀਂ ਕਿਸੇ ਨੇਤਰਹੀਣ ਵਿਅਕਤੀ ਨੂੰ ਨਵੀਂ ਰੌਸ਼ਨੀ ਮਿਲ ਸਕੇਗੀ। ਸੁਖਦੇਵ ਕੌਰ ਆਪਣੇ ਦੋਵੇਂ ਪੁੱਤਰਾਂ ਅਤੇ ਨੂੰਹਾਂ ਨਾਲ ਲੁਧਿਆਣਾ ਦੇ ਪ੍ਰਤਾਪ ਸਿੰਘ ਵਾਲਾ ਇਲਾਕੇ ਵਿੱਚ ਰਹਿੰਦੀ ਸੀ। ਦੱਸਿਆ ਗਿਆ ਹੈ ਕਿ ਉਨ੍ਹਾਂ ਨੇ ਕਰੀਬ 10 ਸਾਲ ਪਹਿਲਾਂ ਮਰਨ ਉਪਰੰਤ ਆਪਣਾ ਸਰੀਰ ਦਾਨ ਕਰਨ ਦਾ ਫੈਸਲਾ ਕੀਤਾ ਸੀ ਅਤੇ ਇਸ ਲਈ ਬਕਾਇਦਾ ਫਾਰਮ ਭਰਿਆ ਸੀ। ਪਰਿਵਾਰ ਨੇ ਵੀ ਇਸ ਸਬੰਧੀ ਹਲਫ਼ਨਾਮਾ ਦੇ ਕੇ ਸਰੀਰ ਦਾਨ ਕਰਨ ’ਤੇ ਆਪਣੀ ਸਹਿਮਤੀ ਜਤਾਈ ਸੀ। ਮੌਤ ਤੋਂ ਬਾਅਦ ਪਰਿਵਾਰ ਨੇ ਉਨ੍ਹਾਂ ਦੀ ਇੱਛਾ ਦਾ ਸਨਮਾਨ ਕਰਦਿਆਂ ਅੱਖਾਂ ਦਾਨ ਕਰਨ ਦੇ ਨਾਲ-ਨਾਲ ਸਰੀਰ ਮੈਡੀਕਲ ਸਿੱਖਿਆ ਲਈ ਸਮਰਪਿਤ ਕਰ ਦਿੱਤਾ।
Posted By: Daily Suraj Bureau