Daily Suraj

ਪੰਜਾਬੀ

ਖਾਲਿਸਤਾਨ ਨੈਸ਼ਨਲ ਆਰਮੀ ਦੇ ਨਾਮ ’ਤੇ ਭੇਜੀ ਈਮੇਲ ਨਾਲ ਮਚੀ ਚਿੰਤਾ

16 Mar, 2026 02:26 PM

ਜਲੰਧਰ ਵਿੱਚ ਤਿੰਨ ਸਕੂਲਾਂ, ਦਿੱਲੀ ਜਾਣ ਵਾਲੀ ਇੱਕ ਰੇਲਗੱਡੀ, ਵਿਧਾਨ ਸਭਾ ਅਤੇ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲਣ ਤੋਂ ਬਾਅਦ ਪ੍ਰਸ਼ਾਸਨ ਅਤੇ ਸੁਰੱਖਿਆ ਏਜੰਸੀਆਂ ਵਿੱਚ ਚੌਕਸੀ ਵਧਾ ਦਿੱਤੀ ਗਈ ਹੈ। ਇਹ ਧਮਕੀਆਂ ਇੱਕ ਈਮੇਲ ਰਾਹੀਂ ਦਿੱਤੀਆਂ ਗਈਆਂ ਹਨ, ਜੋ ਕਿ ਖਾਲਿਸਤਾਨ ਨੈਸ਼ਨਲ ਆਰਮੀ ਦੇ ਨਾਮ ’ਤੇ ਭੇਜੀ ਗਈ ਦੱਸੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਏਪੀਜੇ ਪਬਲਿਕ ਸਕੂਲ, ਦਿੱਲੀ ਪਬਲਿਕ ਸਕੂਲ ਅਤੇ ਸ਼ਹਿਰ ਦੇ ਇੱਕ ਹੋਰ ਸਕੂਲ ਨੂੰ ਇਹ ਧਮਕੀ ਭਰੀ ਈਮੇਲ ਮਿਲੀ ਹੈ। ਈਮੇਲ ਵਿੱਚ ਦਿੱਲੀ ਜਾਣ ਵਾਲੀ ਰੇਲਗੱਡੀ, ਵਿਧਾਨ ਸਭਾ ਅਤੇ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਨੂੰ ਵੀ ਨਿਸ਼ਾਨਾ ਬਣਾਉਣ ਦੀ ਗੱਲ ਕਹੀ ਗਈ ਹੈ। ਈਮੇਲ ਵਿੱਚ ਇਹ ਵੀ ਚੇਤਾਵਨੀ ਦਿੱਤੀ ਗਈ ਹੈ ਕਿ ਜਲੰਧਰ ਜ਼ਿਲ੍ਹੇ ਵਿੱਚ ਲੱਗੇ ਡਾ. ਅੰਬੇਡਕਰ ਦੇ ਸਾਰੇ ਬੁੱਤ 14 ਅਪ੍ਰੈਲ ਤੱਕ ਹਟਾਏ ਜਾਣ। ਭੇਜਣ ਵਾਲੇ ਨੇ ਕਿਹਾ ਹੈ ਕਿ ਜੇਕਰ ਇਸ ਸਮੇਂ ਤੱਕ ਇਹ ਮੂਰਤੀਆਂ ਨਹੀਂ ਹਟਾਈਆਂ ਗਈਆਂ ਤਾਂ ਉਨ੍ਹਾਂ ਨੂੰ ਬੰਬਾਂ ਨਾਲ ਤਬਾਹ ਕਰ ਦਿੱਤਾ ਜਾਵੇਗਾ। ਧਮਕੀ ਭਰੀ ਈਮੇਲ ਮਿਲਣ ਤੋਂ ਬਾਅਦ ਸੰਬੰਧਤ ਸਕੂਲਾਂ ਵੱਲੋਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ। ਇਸ ਤੋਂ ਬਾਅਦ ਪੁਲਿਸ ਨੇ ਚੌਕਸੀ ਵਧਾਉਂਦੇ ਹੋਏ ਚੈਕਿੰਗ ਮੁਹਿੰਮ ਸ਼ੁਰੂ ਕਰ ਦਿੱਤੀ ਹੈ ਅਤੇ ਈਮੇਲ ਭੇਜਣ ਵਾਲੇ ਦੇ ਸਰੋਤ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ। ਇਸ ਘਟਨਾ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਅਲਰਟ ’ਤੇ ਰੱਖਿਆ ਗਿਆ ਹੈ ਅਤੇ ਸੁਰੱਖਿਆ ਪ੍ਰਬੰਧ ਮਜ਼ਬੂਤ ਕੀਤੇ ਗਏ ਹਨ।

Posted By: Daily Suraj Bureau

Latest News