ਵ੍ਰਿੰਦਾਵਨ ਹਾਦਸੇ ‘ਤੇ ਸਿਆਸੀ ਪ੍ਰਤੀਕਿਰਿਆ: ਬਾਦਲ ਨੇ ਯੂਪੀ ਸਰਕਾਰ ‘ਤੇ ਚੁੱਕੇ ਸਵਾਲ
ਉੱਤਰ ਪ੍ਰਦੇਸ਼ ਦੇ ਵ੍ਰਿੰਦਾਵਨ ਵਿੱਚ ਹਾਲ ਹੀ ਵਿੱਚ ਹੋਏ ਕਿਸ਼ਤੀ ਹਾਦਸੇ ਨੇ ਪੰਜਾਬ ਨੂੰ ਗਹਿਰੇ ਸੋਗ ਵਿੱਚ ਡੁੱਬੋ ਦਿੱਤਾ ਹੈ। ਇਸ ਹਾਦਸੇ ਵਿੱਚ ਲੁਧਿਆਣਾ ਜ਼ਿਲ੍ਹੇ ਦੇ ਜਗਰਾਉਂ ਸ਼ਹਿਰ ਦੇ ਇੱਕੋ ਪਰਿਵਾਰ ਦੇ ਚਾਰ ਮੈਂਬਰਾਂ ਸਮੇਤ ਕੁੱਲ ਛੇ ਲੋਕਾਂ ਦੀ ਮੌਤ ਹੋ ਗਈ। ਇਸ ਦੁੱਖਦਾਈ ਘਟਨਾ ਨਾਲ ਪੂਰੇ ਇਲਾਕੇ ਵਿੱਚ ਸ਼ੋਕ ਦੀ ਲਹਿਰ ਫੈਲ ਗਈ ਹੈ। ਇਸ ਮੌਕੇ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਗਰਾਉਂ ਪਹੁੰਚੇ ਅਤੇ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਦੁੱਖੀ ਪਰਿਵਾਰਾਂ ਨਾਲ ਹਮਦਰਦੀ ਜਤਾਉਂਦਿਆਂ ਉਨ੍ਹਾਂ ਦਾ ਹੌਸਲਾ ਵਧਾਇਆ। ਸੁਖਬੀਰ ਬਾਦਲ ਨੇ ਕਿਹਾ ਕਿ ਇਹ ਹਾਦਸਾ ਬਹੁਤ ਹੀ ਦੁਖਦਾਈ ਹੈ, ਜਿਸ ਨੇ ਸਾਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਹੈ। ਉਨ੍ਹਾਂ ਇਸ ਮਾਮਲੇ ਵਿੱਚ ਉੱਤਰ ਪ੍ਰਦੇਸ਼ ਸਰਕਾਰ ਦੀ ਕਾਰਗੁਜ਼ਾਰੀ ‘ਤੇ ਵੀ ਸਵਾਲ ਖੜ੍ਹੇ ਕੀਤੇ ਅਤੇ ਕਿਹਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਰੋਕਣ ਲਈ ਪੂਰੀ ਜ਼ਿੰਮੇਵਾਰੀ ਨਾਲ ਕੰਮ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਨਦੀਆਂ ਅਤੇ ਤੇਜ਼ ਵਹਾਅ ਵਾਲੇ ਪਾਣੀ ਵਿੱਚ ਚੱਲਣ ਵਾਲੀਆਂ ਕਿਸ਼ਤੀਆਂ ਵਿੱਚ ਯਾਤਰੀਆਂ ਲਈ ਸੇਫਟੀ ਜੈਕਟਾਂ ਲਾਜ਼ਮੀ ਹੋਣੀਆਂ ਚਾਹੀਦੀਆਂ ਹਨ। ਇਸ ਦੇ ਨਾਲ ਹੀ, ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਸੁਰੱਖਿਆ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਵਾਈ ਜਾਣੀ ਚਾਹੀਦੀ ਹੈ ਤਾਂ ਜੋ ਭਵਿੱਖ ਵਿੱਚ ਇਸ ਤਰ੍ਹਾਂ ਦੇ ਹਾਦਸਿਆਂ ਤੋਂ ਬਚਿਆ ਜਾ ਸਕੇ। ਬਾਦਲ ਨੇ ਇਹ ਵੀ ਕਿਹਾ ਕਿ ਹਾਦਸੇ ਨਾਲ ਜੁੜੀਆਂ ਲਾਪਰਵਾਹੀਆਂ ਸਾਹਮਣੇ ਆਉਣੀਆਂ ਸਰਕਾਰ ਦੀ ਵੱਡੀ ਨਾਕਾਮੀ ਨੂੰ ਦਰਸਾਉਂਦੀਆਂ ਹਨ ਅਤੇ ਇਸ ਮਾਮਲੇ ਵਿੱਚ ਜ਼ਿੰਮੇਵਾਰ ਲੋਕਾਂ ‘ਤੇ ਕਾਰਵਾਈ ਹੋਣੀ ਚਾਹੀਦੀ ਹੈ।
Posted By: Daily Suraj Bureau