ਭਾਰਤ-ਕੈਨੇਡਾ ਵਪਾਰ ਸਮਝੌਤਾ ਇੱਕ ਸਾਲ ਵਿੱਚ ਸੰਭਵ: ਹਾਈ ਕਮਿਸ਼ਨਰ
ਭਾਰਤ ਅਤੇ ਕੈਨੇਡਾ ਦਰਮਿਆਨ ਵਿਸਥਾਰਿਤ ਵਪਾਰ ਸਮਝੌਤਾ ਅਗਲੇ ਇੱਕ ਸਾਲ ਵਿੱਚ ਹੋਣ ਦੀ ਸੰਭਾਵਨਾ ਜਤਾਈ ਗਈ ਹੈ। ਦਿਨੇਸ਼ ਪਟਨਾਇਕ, ਜੋ ਕਿ ਕੈਨੇਡਾ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਹਨ, ਨੇ ਇਹ ਸੰਕੇਤ ਦਿੱਤਾ ਹੈ ਕਿ ਮੌਜੂਦਾ ਹਾਲਾਤਾਂ ਵਿੱਚ ਦੋਵੇਂ ਦੇਸ਼ ਇਸ ਸਮਝੌਤੇ ਵੱਲ ਤੇਜ਼ੀ ਨਾਲ ਅੱਗੇ ਵੱਧ ਰਹੇ ਹਨ। ਇਹ ਬਿਆਨ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਭਾਰਤ ਯਾਤਰਾ ਤੋਂ ਪਹਿਲਾਂ ਸਾਹਮਣੇ ਆਇਆ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਦੀ ਇਸ ਯਾਤਰਾ ਦੌਰਾਨ ਨਵੀਂ ਦਿੱਲੀ ਅਤੇ ਮੁੰਬਈ ਵਿੱਚ ਉੱਚ ਪੱਧਰੀ ਮੀਟਿੰਗਾਂ ਹੋਣਗੀਆਂ, ਜਿੱਥੇ ਸਰਕਾਰੀ ਅਤੇ ਵਪਾਰਕ ਮਾਮਲਿਆਂ ‘ਤੇ ਵਿਸਥਾਰ ਨਾਲ ਚਰਚਾ ਕੀਤੀ ਜਾਵੇਗੀ। ਪਟਨਾਇਕ ਨੇ ਦੱਸਿਆ ਕਿ ਦੋਵੇਂ ਦੇਸ਼ਾਂ ਨੇ ਪਿਛਲੇ ਕੁਝ ਸਾਲਾਂ ਵਿੱਚ ਕਈ ਮੁਕਤ ਵਪਾਰ ਸਮਝੌਤਿਆਂ ਦਾ ਅਨੁਭਵ ਹਾਸਲ ਕੀਤਾ ਹੈ, ਜਿਸ ਨਾਲ ਕੰਪ੍ਰਿਹੈਂਸਿਵ ਇਕਨਾਮਿਕ ਪਾਰਟਨਰਸਿ਼ਪ ਐਗਰੀਮੈਂਟ (CEPA) ਦੀ ਪ੍ਰਕਿਰਿਆ ਤੇਜ਼ ਹੋ ਸਕਦੀ ਹੈ। ਇਹ ਸਮਝੌਤਾ ਵਸਤੂਆਂ, ਸੇਵਾਵਾਂ, ਨਿਵੇਸ਼, ਖੇਤੀਬਾੜੀ ਅਤੇ ਡਿਜ਼ੀਟਲ ਵਪਾਰ ਵਰਗੇ ਖੇਤਰਾਂ ਨੂੰ ਕਵਰ ਕਰੇਗਾ। ਯਾਦ ਰਹੇ ਕਿ 2010 ਤੋਂ ਲੈ ਕੇ ਕਈ ਵਾਰ ਇਹ ਗੱਲਬਾਤ ਰੁਕਦੀ ਰਹੀ ਹੈ। ਵਪਾਰਕ ਨੀਤੀਆਂ, ਡੇਅਰੀ ਖੇਤਰ ਅਤੇ ਮਾਰਕੀਟ ਐਕਸੈੱਸ ਵਰਗੇ ਮੁੱਦੇ ਇਸ ਵਿੱਚ ਵੱਡੀ ਰੁਕਾਵਟ ਬਣੇ ਰਹੇ ਹਨ। 2023 ਵਿੱਚ ਇੱਕ ਸਿੱਖ ਆਗੂ ਦੀ ਹੱਤਿਆ ਸਬੰਧੀ ਵਿਵਾਦਾਂ ਕਾਰਨ ਵੀ ਦੋਵੇਂ ਦੇਸ਼ਾਂ ਵਿੱਚ ਤਣਾਅ ਵਧਿਆ ਸੀ, ਜਿਸ ਨਾਲ ਗੱਲਬਾਤਾਂ ‘ਤੇ ਅਸਰ ਪਿਆ। ਹਾਲਾਂਕਿ ਹੁਣ ਦੋਵੇਂ ਦੇਸ਼ ਮੁੜ ਸੁਰੱਖਿਆ ਅਤੇ ਆਰਥਿਕ ਸਹਿਯੋਗ ਦੇ ਢਾਂਚੇ ਵਿੱਚ ਗੱਲਬਾਤ ਕਰ ਰਹੇ ਹਨ। ਨਰਿੰਦਰ ਮੋਦੀ ਅਤੇ ਮਾਰਕ ਕਾਰਨੀ ਨੇ ਨਵੰਬਰ ਵਿੱਚ CEPA ‘ਤੇ ਮੁੜ ਗੱਲਬਾਤ ਸ਼ੁਰੂ ਕਰਨ ‘ਤੇ ਸਹਿਮਤੀ ਦਿੱਤੀ ਸੀ। ਪਟਨਾਇਕ ਨੇ ਕਿਹਾ ਕਿ ਭਾਰਤ ਅਤੇ ਕੈਨੇਡਾ ਦੀਆਂ ਅਰਥਵਿਵਸਥਾਵਾਂ ਇੱਕ-ਦੂਜੇ ਨੂੰ ਪੂਰਾ ਕਰਦੀਆਂ ਹਨ। ਜਿੱਥੇ ਕੈਨੇਡਾ ਕੱਚੇ ਮਾਲ ਦਾ ਵੱਡਾ ਨਿਰਯਾਤਕ ਹੈ, ਉੱਥੇ ਭਾਰਤ ਇੱਕ ਵੱਡਾ ਖਪਤਕਾਰ ਬਾਜ਼ਾਰ ਹੈ। ਦੋਵੇਂ ਦੇਸ਼ਾਂ ਨੇ 2030 ਤੱਕ ਦੋ-ਪੱਖੀ ਵਪਾਰ ਨੂੰ 50 ਅਰਬ ਡਾਲਰ ਤੱਕ ਵਧਾਉਣ ਦਾ ਟੀਚਾ ਰੱਖਿਆ ਹੈ, ਜਿਸ ਨਾਲ ਆਰਥਿਕ ਸਬੰਧ ਹੋਰ ਮਜ਼ਬੂਤ ਹੋਣ ਦੀ ਉਮੀਦ ਹੈ।
Posted By: Daily Suraj Bureau