Daily Suraj

ਪੰਜਾਬੀ

ਸਰਵਾਈਕਲ ਕੈਂਸਰ ਇਲਾਜ ਵਿੱਚ ਕੈਲੋਨਾ ਦੀ 3D ਪ੍ਰਿੰਟਿੰਗ ਖੋਜ ਬਣੀ ਮੈਡੀਕਲ ਮੀਲ ਦਾ ਪੱਥਰ

12 Jan, 2026 03:50 PM

ਕੈਲੋਨਾ ਸ਼ਹਿਰ ਵਿੱਚ 3D ਪ੍ਰਿੰਟਿੰਗ ਤਕਨੀਕ ਸਰਵਾਈਕਲ ਕੈਂਸਰ ਦੇ ਇਲਾਜ ਨੂੰ ਨਵਾਂ ਰੂਪ ਦੇ ਰਹੀ ਹੈ। ਬੀਸੀ ਕੈਂਸਰ ਸੈਂਟਰ ਦੇ ਡਾਕਟਰਾਂ ਵੱਲੋਂ ਇਸ ਤਕਨੀਕ ਦੀ ਮਦਦ ਨਾਲ ਮਰੀਜ਼ਾਂ ਲਈ ਖ਼ਾਸ ਤੌਰ ’ਤੇ ਤਿਆਰ ਕੀਤੇ ਜਾਣ ਵਾਲੇ ਉਪਕਰਨ ਵਰਤੇ ਜਾ ਰਹੇ ਹਨ, ਜੋ ਅੰਦਰੂਨੀ ਰੇਡੀਏਸ਼ਨ ਇਲਾਜ (ਬ੍ਰੇਕੀਥੈਰੇਪੀ) ਨੂੰ ਬੇਹੱਦ ਸਟੀਕ ਬਣਾਉਂਦੇ ਹਨ। ਬੀਸੀ ਕੈਂਸਰ ਦੀ ਮੈਡੀਕਲ ਫਿਜ਼ਿਸਿਸਟ ਡਾ. ਡੀਡਰੇ ਬੈਚਲਰ ਨੇ ਦੱਸਿਆ ਕਿ ਪਹਿਲਾਂ ਇਹ ਮੁਸ਼ਕਿਲ ਹੁੰਦੀ ਸੀ ਕਿ ਟਿਊਮਰ ਦੇ ਪੂਰੇ ਹਿੱਸੇ ਤੱਕ ਰੇਡੀਏਸ਼ਨ ਸਹੀ ਤਰੀਕੇ ਨਾਲ ਨਹੀਂ ਪਹੁੰਚਦੀ ਸੀ। ਇਸੇ ਲਈ ਉਹਨਾਂ ਨੇ ਕਈ ਸਾਲਾਂ ਤੱਕ ਫੰਡਿੰਗ ਲਈ ਕੋਸ਼ਿਸ਼ ਕੀਤੀ ਅਤੇ ਇਸ ਪ੍ਰੋਜੈਕਟ ਲਈ ਖ਼ਾਸ ਸਾਫਟਵੇਅਰ ਵੀ ਤਿਆਰ ਕੀਤਾ। ਉਨ੍ਹਾਂ ਨੇ ਕਿਹਾ ਕਿ ਸੁਪਨਾ ਇਹ ਸੀ ਕਿ ਐਸਾ ਉਪਕਰਨ ਬਣਾਇਆ ਜਾਵੇ ਜੋ ਟਿਊਮਰ ਦੇ ਆਕਾਰ ਅਨੁਸਾਰ ਰੇਡੀਏਸ਼ਨ ਨੂੰ ਬਿਲਕੁਲ ਸਟੀਕ ਥਾਂ ਤੱਕ ਪਹੁੰਚਾ ਸਕੇ। ਮਰੀਜ਼ ਦੀ ਐਮਆਰਆਈ ਅਤੇ ਸੀਟੀ ਸਕੈਨ ਦੀ ਮਦਦ ਨਾਲ 3D ਪ੍ਰਿੰਟਰ ਇੱਕ ਨਿੱਜੀ, ਕਸਟਮ ਐਪਲੀਕੇਟਰ ਤਿਆਰ ਕਰਦਾ ਹੈ। ਇਹ ਐਪਲੀਕੇਟਰ ਟਿਊਮਰ ਵਾਲੇ ਹਿੱਸੇ ਦੇ ਨੇੜੇ ਲਗਾਇਆ ਜਾਂਦਾ ਹੈ ਅਤੇ ਰੇਡੀਏਸ਼ਨ ਸੂਈਆਂ ਦੀ ਦਿਸ਼ਾ ਅਤੇ ਗਹਿਰਾਈ ਨੂੰ ਕੰਟਰੋਲ ਕਰਦਾ ਹੈ। ਇਸ ਤਕਨੀਕ ਨਾਲ ਨੇੜਲੇ ਸਿਹਤਮੰਦ ਅੰਗਾਂ ਨੂੰ ਨੁਕਸਾਨ ਤੋਂ ਬਚਾਇਆ ਜਾ ਸਕਦਾ ਹੈ। ਰੇਡੀਏਸ਼ਨ ਓਨਕੋਲੋਜਿਸਟ ਡਾ. ਹਾਮਦ ਰਾਜ਼ੀਈ ਨੇ ਕਿਹਾ ਕਿ ਰੇਡੀਏਸ਼ਨ ਦੀ ਮਾਤਰਾ ਘਟਾਈ ਨਹੀਂ ਜਾ ਰਹੀ, ਸਗੋਂ ਉਸਨੂੰ ਹੋਰ ਸਟੀਕ ਬਣਾਇਆ ਜਾ ਰਿਹਾ ਹੈ, ਤਾਂ ਜੋ ਟਿਊਮਰ ਨੂੰ ਠੀਕ ਤਰੀਕੇ ਨਾਲ ਨਿਸ਼ਾਨਾ ਬਣਾਇਆ ਜਾ ਸਕੇ ਅਤੇ ਸਿਹਤਮੰਦ ਅੰਗ ਸੁਰੱਖਿਅਤ ਰਹਿਣ। ਸਾਲ 2025 ਵਿੱਚ ਇਸ ਤਕਨੀਕ ਦੀ ਵਰਤੋਂ ਨਾਲ 31 ਪ੍ਰਕਿਰਿਆਵਾਂ ਕੀਤੀਆਂ ਗਈਆਂ। ਬ੍ਰਿਟਿਸ਼ ਕੋਲੰਬੀਆ ਵਿੱਚ ਹਰ ਸਾਲ ਕਰੀਬ 250 ਲੋਕਾਂ ਨੂੰ ਸਰਵਾਈਕਲ ਕੈਂਸਰ ਦੀ ਪਛਾਣ ਹੁੰਦੀ ਹੈ, ਇਸ ਲਈ ਕੈਲੋਨਾ ਦੀ ਟੀਮ ਇਸ ਤਕਨੀਕ ਨੂੰ ਸੂਬੇ ਭਰ ਵਿੱਚ ਲਾਗੂ ਕਰਨ ਦੀ ਤਿਆਰੀ ਕਰ ਰਹੀ ਹੈ। ਡਾ. ਬੈਚਲਰ ਨੇ ਇਸਨੂੰ ਆਪਣੇ ਕਰੀਅਰ ਦਾ ਸਭ ਤੋਂ ਸੰਤੁਸ਼ਟੀ ਭਰਿਆ ਕੰਮ ਕਿਹਾ।

Posted By: Daily Suraj Bureau

Latest News