‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ ਵਿੱਚ ਲੁਧਿਆਣਾ ਸਭ ਤੋਂ ਅੱਗੇ, 7.4 ਲੱਖ ਲਾਭਪਾਤਰੀ ਰਜਿਸਟਰ
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ ਨੂੰ ਸੂਬੇ ਭਰ ਵਿੱਚ ਵੱਡਾ ਹੁੰਗਾਰਾ ਮਿਲ ਰਿਹਾ ਹੈ। ਯੋਜਨਾ ਤਹਿਤ ਲੁਧਿਆਣਾ 7.4 ਲੱਖ ਰਜਿਸਟਰਡ ਲਾਭਪਾਤਰੀਆਂ ਨਾਲ ਪੰਜਾਬ ਦਾ ਸਭ ਤੋਂ ਅੱਗੇ ਰਹਿਣ ਵਾਲਾ ਜ਼ਿਲ੍ਹਾ ਬਣ ਕੇ ਉਭਰਿਆ ਹੈ। ਅੰਕੜਿਆਂ ਅਨੁਸਾਰ, ਲੁਧਿਆਣਾ ਤੋਂ ਬਾਅਦ ਪਟਿਆਲਾ ਵਿੱਚ 5.3 ਲੱਖ, ਅੰਮ੍ਰਿਤਸਰ ਵਿੱਚ 4.9 ਲੱਖ, ਜਲੰਧਰ ਵਿੱਚ 4.8 ਲੱਖ, ਗੁਰਦਾਸਪੁਰ ਵਿੱਚ 4.4 ਲੱਖ ਅਤੇ ਹੁਸ਼ਿਆਰਪੁਰ ਵਿੱਚ 4.2 ਲੱਖ ਲਾਭਪਾਤਰੀ ਯੋਜਨਾ ਨਾਲ ਜੁੜੇ ਹਨ। ਦੂਜੇ ਪਾਸੇ, ਮਲੇਰਕੋਟਲਾ ਵਿੱਚ ਸਭ ਤੋਂ ਘੱਟ 1.3 ਲੱਖ ਰਜਿਸਟ੍ਰੇਸ਼ਨ ਦਰਜ ਕੀਤੇ ਗਏ ਹਨ। 14 ਜੁਲਾਈ 2026 ਤੱਕ ਪੂਰੇ ਪੰਜਾਬ ਵਿੱਚ ਇਸ ਯੋਜਨਾ ਤਹਿਤ ਕੁੱਲ 68.9 ਲੱਖ ਲਾਭਪਾਤਰੀਆਂ ਦਾ ਰਜਿਸਟ੍ਰੇਸ਼ਨ ਹੋ ਚੁੱਕਾ ਹੈ।ਪੰਜਾਬ ਦੀ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਲੁਧਿਆਣਾ, ਪਟਿਆਲਾ, ਅੰਮ੍ਰਿਤਸਰ, ਜਲੰਧਰ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਵਿੱਚ ਵੱਧ ਰਜਿਸਟ੍ਰੇਸ਼ਨਾਂ ਦੇ ਪਿੱਛੇ ਵੱਡੀ ਆਬਾਦੀ, ਮਜ਼ਬੂਤ ਪ੍ਰਸ਼ਾਸਨਿਕ ਨੈੱਟਵਰਕ ਅਤੇ ਸਰਕਾਰੀ ਭਲਾਈ ਯੋਜਨਾਵਾਂ ਪ੍ਰਤੀ ਲੋਕਾਂ ਵਿੱਚ ਵੱਧ ਜਾਗਰੂਕਤਾ ਮੁੱਖ ਕਾਰਨ ਹਨ। ਉਨ੍ਹਾਂ ਕਿਹਾ ਕਿ ਯੋਜਨਾ ਦੀ ਸਫ਼ਲਤਾ ਯਕੀਨੀ ਬਣਾਉਣ ਲਈ ਪੂਰੀ ਸਰਕਾਰੀ ਮਸ਼ੀਨਰੀ ਮਿਲ ਕੇ ਕੰਮ ਕਰ ਰਹੀ ਹੈ।ਉਨ੍ਹਾਂ ਦੱਸਿਆ ਕਿ ਵੱਡੀ ਸ਼ਹਿਰੀ ਅਤੇ ਪੇਂਡੂ ਆਬਾਦੀ, ਵੱਧ ਵਿਧਾਨ ਸਭਾ ਹਲਕੇ ਅਤੇ ਯੋਗ ਪਰਿਵਾਰਾਂ ਦੀ ਗਿਣਤੀ ਕਾਰਨ ਇਨ੍ਹਾਂ ਜ਼ਿਲ੍ਹਿਆਂ ਵਿੱਚ ਲਾਭਪਾਤਰੀਆਂ ਦੀ ਸੰਖਿਆ ਕੁਦਰਤੀ ਤੌਰ 'ਤੇ ਵੱਧ ਰਹੀ ਹੈ। ਲੁਧਿਆਣਾ, ਅੰਮ੍ਰਿਤਸਰ ਅਤੇ ਜਲੰਧਰ ਵਰਗੇ ਵੱਡੇ ਸ਼ਹਿਰ ਰੋਜ਼ਗਾਰ, ਸਿੱਖਿਆ ਅਤੇ ਹੋਰ ਮੌਕਿਆਂ ਕਾਰਨ ਨੇੜਲੇ ਜ਼ਿਲ੍ਹਿਆਂ ਦੇ ਲੋਕਾਂ ਨੂੰ ਵੀ ਆਕਰਸ਼ਿਤ ਕਰਦੇ ਹਨ, ਜਿਸ ਨਾਲ ਇੱਥੇ ਰਹਿਣ ਵਾਲੀ ਆਬਾਦੀ ਵਿੱਚ ਵਾਧਾ ਹੁੰਦਾ ਹੈਸਰਕਾਰ ਮੁਤਾਬਕ, ਇਨ੍ਹਾਂ ਜ਼ਿਲ੍ਹਿਆਂ ਵਿੱਚ ਵੱਡੀ ਗਿਣਤੀ ਵਿੱਚ ਆਰਥਿਕ ਤੌਰ 'ਤੇ ਕਮਜ਼ੋਰ ਅਤੇ ਪੇਂਡੂ ਪਰਿਵਾਰ ਰਹਿੰਦੇ ਹਨ, ਜਿਸ ਕਾਰਨ ਯੋਜਨਾ ਲਈ ਯੋਗ ਲਾਭਪਾਤਰੀਆਂ ਦੀ ਸੰਖਿਆ ਵੀ ਵੱਧ ਹੈ। ਜਨਮ ਰਜਿਸਟ੍ਰੇਸ਼ਨ, ਆਧਾਰ ਨਾਮਾਂਕਣ, ਬੈਂਕ ਖਾਤਿਆਂ ਦੀ ਉਪਲਬਧਤਾ ਅਤੇ ਹੋਰ ਲੋੜੀਂਦੇ ਦਸਤਾਵੇਜ਼ਾਂ ਦੀ ਬਿਹਤਰ ਵਿਵਸਥਾ ਨੇ ਵੀ ਵੱਧ ਪਰਿਵਾਰਾਂ ਨੂੰ ਯੋਜਨਾ ਦਾ ਲਾਭ ਲੈਣ ਵਿੱਚ ਸਹਾਇਤਾ ਕੀਤੀ ਹੈ।ਜ਼ਿਲ੍ਹਾ ਪ੍ਰਸ਼ਾਸਨਾਂ ਨੇ ਜਾਗਰੂਕਤਾ ਮੁਹਿੰਮਾਂ ਚਲਾਉਣ ਦੇ ਨਾਲ-ਨਾਲ ਸਥਾਨਕ ਸੰਸਥਾਵਾਂ ਅਤੇ ਆਂਗਣਵਾੜੀ ਵਰਕਰਾਂ ਦੇ ਸਹਿਯੋਗ ਨਾਲ ਯੋਗ ਪਰਿਵਾਰਾਂ ਨੂੰ ਰਜਿਸਟ੍ਰੇਸ਼ਨ ਲਈ ਪ੍ਰੇਰਿਤ ਕੀਤਾ। ਅਧਿਕਾਰੀਆਂ ਵੱਲੋਂ ਅਰਜ਼ੀਆਂ ਦੀ ਜਾਂਚ ਅਤੇ ਰਜਿਸਟ੍ਰੇਸ਼ਨ ਪ੍ਰਕਿਰਿਆ ਨੂੰ ਸਮੇਂ ਸਿਰ ਪੂਰਾ ਕਰਨ 'ਤੇ ਵੀ ਵਿਸ਼ੇਸ਼ ਧਿਆਨ ਦਿੱਤਾ ਗਿਆ, ਜਿਸ ਨਾਲ ਲਾਭਪਾਤਰੀਆਂ ਦੀ ਗਿਣਤੀ ਵਿੱਚ ਵਾਧਾ ਹੋਇਆ।ਇਸ ਦੇ ਉਲਟ, ਘੱਟ ਆਬਾਦੀ ਵਾਲੇ ਮਲੇਰਕੋਟਲਾ ਜ਼ਿਲ੍ਹੇ ਵਿੱਚ ਯੋਗ ਪਰਿਵਾਰਾਂ ਦੀ ਗਿਣਤੀ ਘੱਟ ਹੋਣ ਕਾਰਨ ਰਜਿਸਟ੍ਰੇਸ਼ਨਾਂ ਦੀ ਸੰਖਿਆ ਵੀ ਸਭ ਤੋਂ ਘੱਟ ਦਰਜ ਕੀਤੀ ਗਈ।
ਜ਼ਿਲ੍ਹਾ-ਵਾਰ ਰਜਿਸਟਰਡ ਲਾਭਪਾਤਰੀ (ਲੱਖਾਂ ਵਿੱਚ)
ਜ਼ਿਲ੍ਹਾ ਲਾਭਪਾਤਰੀ
ਲੁਧਿਆਣਾ 7.4
ਪਟਿਆਲਾ 5.3
ਅੰਮ੍ਰਿਤਸਰ 4.9
ਜਲੰਧਰ 4.8
ਗੁਰਦਾਸਪੁਰ 4.4
ਹੁਸ਼ਿਆਰਪੁਰ 4.2
ਬਠਿੰਡਾ 3.8
ਸੰਗਰੂਰ 3.6
ਫਾਜ਼ਿਲਕਾ 2.9
ਸ੍ਰੀ ਮੁਕਤਸਰ ਸਾਹਿਬ 2.7
ਮੋਗਾ 2.6
ਤਰਨ ਤਾਰਨ 2.6
ਫਿਰੋਜ਼ਪੁਰ 2.5
ਮਾਨਸਾ 2.4
ਫਰੀਦਕੋਟ 1.8
ਪਠਾਨਕੋਟ 1.8
ਰੂਪਨਗਰ 1.8
ਕਪੂਰਥਲਾ 1.7
ਐਸ.ਏ.ਐਸ. ਨਗਰ (ਮੋਹਾਲੀ) 1.7
ਬਰਨਾਲਾ 1.6
ਐਸ.ਬੀ.ਐਸ. ਨਗਰ 1.6
ਫਤਿਹਗੜ੍ਹ ਸਾਹਿਬ 1.5
ਮਲੇਰਕੋਟਲਾ 1.3
ਕੁੱਲ ਰਜਿਸਟਰਡ ਲਾਭਪਾਤਰੀ: 68.9 ਲੱਖ
Posted By: Daily Suraj Bureau