Daily Suraj

ਪੰਜਾਬੀ

ਕਾਰੋਬਾਰੀ ਵੱਲੋਂ ਫਾਹਾ ਲੈ ਕੇ ਖ਼ੁਦਕੁਸ਼ੀ

22 Mar, 2019 05:30 AM

ਐਸਏਐਸ ਨਗਰ (ਮੁਹਾਲੀ),ਨਜ਼ਦੀਕੀ ਪਿੰਡ ਚਾਚੂਮਾਜਰਾ ਵਿੱਚ ਕਰਜ਼ੇ ਦੇ ਬੋਝ ਥੱਲੇ ਦੱਬੇ ਕਾਰੋਬਾਰੀ ਵੱਲੋਂ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਗਈ। ਪਰਿਵਾਰ ਅਨੁਸਾਰ ਬੈਂਕ ਦਾ ਕਰਜ਼ਾ ਨਾ ਮੋੜ ਸਕਣ ਕਾਰਨ ਜਗਜੀਤ ਸਿੰਘ (36) ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।ਸੂਚਨਾ ਮਿਲਦੇ ਹੀ ਸੋਹਾਣਾ ਪੁਲੀਸ ਮੌਕੇ ’ਤੇ ਪਹੁੰਚੀ ਪਰ ਪੁਲੀਸ ਨੂੰ ਮੌਕੇ ਤੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ। ਥਾਣਾ ਸੋਹਾਣਾ ਦੇ ਏਐਸਆਈ ਨਾਇਬ ਸਿੰਘ ਨੇ ਦੱਸਿਆ ਕਿ ਪਤਨੀ ਹਰਿੰਦਰ ਕੌਰ ਨੇ ਪੁਲੀਸ ਨੂੰ ਦੱਸਿਆ ਕਿ ਉਸ ਦੇ ਪਤੀ ਨੇ ਰੂਪਨਗਰ ਨੇੜੇ ਗੁਰੂ ਕਿਰਪਾ ਆਟੋਮੋਬਾਈਲ ਦੇ ਨਾਂ ਹੇਠ ਸਵਰਾਜ ਟਰੈਕਟਰ ਦੀ ਏਜੰਸੀ ਖੋਲ੍ਹੀ ਹੋਈ ਸੀ। ਏਜੰਸੀ ਦਾ ਕੰਮ ਵਧੀਆ ਨਾ ਚੱਲਣ ਕਾਰਨ ਉਸ ਦਾ ਪਤੀ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ। ਬੀਤੀ ਸ਼ਾਮ ਨੂੰ ਉਸ ਦੇ ਪਤੀ ਨੇ ਸ਼ਰਾਬ ਪੀਤੀ ਅਤੇ ਰੋਟੀ ਖਾਣ ਤੋਂ ਬਾਅਦ ਆਪਣੇ ਕਮਰੇ ਵਿੱਚ ਸੌਂ ਗਿਆ। ਅੱਜ ਸਵੇਰੇ ਜਦੋਂ ਪਤੀ ਨੂੰ ਚਾਹ ਦੇਣ ਲਈ ਗਈ ਤਾਂ ਉਸ ਦਾ ਪਤੀ ਕਮਰੇ ਵਿੱਚ ਨਹੀਂ ਸੀ। ਉਸ ਨੇ ਨਾਲ ਵਾਲੇ ਕਮਰੇ ਵਿੱਚ ਜਾ ਕੇ ਦੇਖਿਆ ਕਿ ਉਸ ਦੇ ਪਤੀ ਦੀ ਲਾਸ਼ ਛੱਤ ਵਾਲੇ ਪੱਖੇ ਦੀ ਹੁੱਕ ਨਾਲ ਲਮਕ ਰਹੀ ਸੀ।ਜਾਂਚ ਅਧਿਕਾਰੀ ਅਨੁਸਾਰ ਹਰਿੰਦਰ ਕੌਰ ਨੇ ਦੱਸਿਆ ਕਿ ਉਸ ਦੇ ਪਤੀ ਦੇ ਸਿਰ ’ਤੇ ਬੈਂਕਾਂ ਦਾ ਕਾਫੀ ਕਰਜ਼ਾ ਚੜ੍ਹਿਆ ਹੋਇਆ ਸੀ ਜਿਸ ਕਾਰਨ ਉਸ ਨੇ ਆਤਮਹੱਤਿਆ ਕਰ ਲਈ। ਪੁਲੀਸ ਨੇ ਹਰਿੰਦਰ ਕੌਰ ਦੇ ਬਿਆਨਾਂ ਨੂੰ ਆਧਾਰ ਬਣਾ ਕੇ ਧਾਰਾ-174 ਦੇ ਤਹਿਤ ਕਾਰਵਾਈ ਕਰਦਿਆਂ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।

Latest News