Daily Suraj

ਪੰਜਾਬੀ

ਛੇੜਛਾੜ ਅਤੇ ਸ਼ੋਸ਼ਣ ਦੀਆਂ ਵਧਦੀਆਂ ਘਟਨਾਵਾਂ 'ਤੇ ਚਿੰਤਾ: ਮੇਜਰ ਖ਼ੁਸ਼ਬੂ ਪਾਟਨੀ ਨੇ ਲੜਕੀਆਂ ਨੂੰ ਆਤਮ-ਨਿਰਭਰ ਬਣਨ ਦਾ ਦਿੱਤਾ ਹੋਕਾ

01 Oct, 2026 04:38 PM

ਦੇਸ਼ ਵਿੱਚ ਮਹਿਲਾਵਾਂ ਨਾਲ ਹੋਣ ਵਾਲੀ ਛੇੜਛਾੜ ਅਤੇ ਜਿਸਮਾਨੀ ਸ਼ੋਸ਼ਣ ਦੀਆਂ ਲਗਾਤਾਰ ਵਧ ਰਹੀਆਂ ਘਟਨਾਵਾਂ 'ਤੇ ਗੰਭੀਰ ਚਿੰਤਾ ਪ੍ਰਗਟਾਉਂਦਿਆਂ ਬਾਲੀਵੁੱਡ ਅਦਾਕਾਰਾ ਦਿਸ਼ਾ ਪਾਟਨੀ ਦੀ ਭੈਣ ਅਤੇ ਸਾਬਕਾ ਮੇਜਰ ਖ਼ੁਸ਼ਬੂ ਪਾਟਨੀ ਨੇ ਕੁੜੀਆਂ ਨੂੰ ਆਪਣੀ ਸੁਰੱਖਿਆ ਖ਼ੁਦ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਉਹ ਹੱਥ ਵਿੱਚ ਏਅਰ ਪਿਸਤੌਲ (CO2) ਫੜੀ ਹੋਈ ਨਜ਼ਰ ਆ ਰਹੀ ਹੈ। ਬਿਹਾਰ ਦੇ ਜਮੂਈ ਵਿੱਚ ਇੱਕ ਨਾਬਾਲਗ ਲੜਕੀ ਨਾਲ ਵਾਪਰੀ ਛੇੜਛਾੜ ਅਤੇ ਕੁੱਟਮਾਰ ਦੀ ਘਟਨਾ ਤੋਂ ਬਾਅਦ ਸਾਹਮਣੇ ਆਈ ਇਸ ਵੀਡੀਓ ਵਿੱਚ ਖ਼ੁਸ਼ਬੂ ਪਾਟਨੀ ਨੇ ਆਖਿਆ ਕਿ ਅਜਿਹੀਆਂ ਅਪਰਾਧਿਕ ਘਟਨਾਵਾਂ ਨੂੰ ਠੱਲ੍ਹ ਪਾਉਣ ਲਈ ਲੜਕੀਆਂ ਨੂੰ ਪੂਰੀ ਤਰ੍ਹਾਂ ਦੂਜਿਆਂ 'ਤੇ ਨਿਰਭਰ ਨਹੀਂ ਰਹਿਣਾ ਚਾਹੀਦਾ। ਉਨ੍ਹਾਂ ਸਲਾਹ ਦਿੱਤੀ ਕਿ ਸਾਰੀਆਂ ਕੁੜੀਆਂ ਨੂੰ ਆਪਣੇ ਨੇੜਲੇ ਸ਼ੂਟਿੰਗ ਰੇਂਜ ਵਿੱਚ ਜਾ ਕੇ ਪਿਸਤੌਲ ਚਲਾਉਣ ਦੀ ਸਿਖਲਾਈ ਹਾਸਲ ਕਰਨੀ ਚਾਹੀਦੀ ਹੈ ਅਤੇ ਸਵੈ-ਰੱਖਿਆ ਵਾਸਤੇ ਆਪਣੇ ਕੋਲ ਏਅਰ ਪਿਸਤੌਲ ਰੱਖਣੀ ਚਾਹੀਦੀ ਹੈ। ਇਸ ਵੀਡੀਓ ਵਿੱਚ ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਕੋਈ ਅਸਲ ਘਾਤਕ ਹਥਿਆਰ ਨਹੀਂ ਹੈ, ਸਗੋਂ ਇਸ ਦੀ ਮੈਗਜ਼ੀਨ ਵਿੱਚ ਅਸਲ ਗੋਲੀਆਂ ਦੀ ਬਜਾਏ ਛੱਰ੍ਹੇ ਭਰੇ ਜਾਂਦੇ ਹਨ, ਜਿਸ ਨੂੰ ਉਨ੍ਹਾਂ ਨੇ ਵੀਡੀਓ ਦੌਰਾਨ ਖ਼ੁਦ ਚਲਾ ਕੇ ਵੀ ਦਿਖਾਇਆ ਹੈ। ਖ਼ੁਸ਼ਬੂ ਮੁਤਾਬਕ ਇਸ ਏਅਰ ਪਿਸਤੌਲ ਨੂੰ ਰੱਖਣ ਲਈ ਕਿਸੇ ਵੀ ਤਰ੍ਹਾਂ ਦੇ ਸਰਕਾਰੀ ਲਾਇਸੈਂਸ ਦੀ ਲੋੜ ਨਹੀਂ ਪੈਂਦੀ, ਪਰ ਐਨ ਮੌਕੇ 'ਤੇ ਸੰਕਟ ਦੇ ਸਮੇਂ ਬਚਾਅ ਲਈ ਇਹ ਕਾਫ਼ੀ ਕਾਰਗਰ ਸਾਬਤ ਹੋ ਸਕਦੀ ਹੈ। ਬਾਜ਼ਾਰ ਵਿੱਚ ਇਸ ਦੀ ਕੀਮਤ ਲਗਭਗ 70 ਹਜ਼ਾਰ ਰੁਪਏ ਦੱਸੀ ਗਈ ਹੈ। ਜ਼ਿਕਰਯੋਗ ਹੈ ਕਿ ਮੇਜਰ ਖ਼ੁਸ਼ਬੂ ਪਾਟਨੀ ਅਕਸਰ ਦੇਸ਼ ਦੇ ਭਖਦੇ ਸਮਾਜਿਕ ਮੁੱਦਿਆਂ ਅਤੇ ਮਹਿਲਾ ਸੁਰੱਖਿਆ ਨਾਲ ਜੁੜੇ ਵਿਸ਼ਿਆਂ 'ਤੇ ਆਪਣੇ ਵਿਚਾਰ ਖੁੱਲ੍ਹ ਕੇ ਸਾਂਝੇ ਕਰਦੀ ਰਹਿੰਦੀ ਹੈ। ਉਨ੍ਹਾਂ ਦਾ ਇਹ ਤਾਜ਼ਾ ਵੀਡੀਓ ਇੰਟਰਨੈੱਟ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਨੇ ਔਰਤਾਂ ਦੀ ਸੁਰੱਖਿਆ ਅਤੇ ਸਵੈ-ਰੱਖਿਆ ਦੇ ਤੌਰ-ਤਰੀਕਿਆਂ ਬਾਰੇ ਇੱਕ ਨਵੀਂ ਬਹਿਸ ਛੇੜ ਦਿੱਤੀ ਹੈ।

Latest News