ਭਾਰਤ-ਕੈਨੇਡਾ ਸਬੰਧਾਂ ਨੂੰ ਨਵੀਂ ਦਿਸ਼ਾ ਦੇਣ ਲਈ ਕਾਰਨੀ ਦੀ ਪਹਿਲੀ ਅਧਿਕਾਰਤ ਫੇਰੀ
ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਅੱਜ ਭਾਰਤ ਦੇ ਦੌਰੇ ‘ਤੇ ਪਹੁੰਚ ਰਹੇ ਹਨ। ਇਹ ਉਨ੍ਹਾਂ ਦਾ ਭਾਰਤ ਦਾ ਪਹਿਲਾ ਅਧਿਕਾਰਤ ਦੌਰਾ ਹੈ, ਜਿਸ ਦੌਰਾਨ ਉਹ ਚਾਰ ਦਿਨ ਦੇ ਲਈ ਦੇਸ਼ ਵਿੱਚ ਰਹਿਣਗੇ। ਇਸ ਦੌਰੇ ਦੌਰਾਨ 2 ਮਾਰਚ ਨੂੰ ਨਵੀਂ ਦਿੱਲੀ ਵਿੱਚ ਉਹ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਉੱਚ ਪੱਧਰੀ ਗੱਲਬਾਤ ਕਰਨਗੇ। ਇਸ ਮੀਟਿੰਗ ਵਿੱਚ ਦੋਵਾਂ ਦੇਸ਼ਾਂ ਦਰਮਿਆਨ ਵਪਾਰ, ਊਰਜਾ, ਤਕਨਾਲੋਜੀ, ਆਰਟੀਫੀਸ਼ੀਅਲ ਇੰਟੈਲੀਜੈਂਸ (AI), ਪ੍ਰਤਿਭਾ ਅਤੇ ਸੱਭਿਆਚਾਰ ਦੇ ਖੇਤਰਾਂ ਨਾਲ-साथ ਰੱਖਿਆ ਸਹਿਯੋਗ ਨੂੰ ਮਜ਼ਬੂਤ ਕਰਨ ‘ਤੇ ਵਿਚਾਰ-ਵਟਾਂਦਰਾ ਹੋਣ ਦੀ ਉਮੀਦ ਹੈ। ਇਸ ਵਾਰ ਦੇ ਦੌਰੇ ਵਿੱਚ ਪੰਜਾਬ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ ਅਤੇ ਮਾਰਕ ਕਾਰਨੀ ਸਿਰਫ ਮੁੰਬਈ ਅਤੇ ਨਵੀਂ ਦਿੱਲੀ ਦਾ ਹੀ ਦੌਰਾ ਕਰਨਗੇ। ਮੰਨਿਆ ਜਾ ਰਿਹਾ ਹੈ ਕਿ ਕੈਨੇਡਾ ਸਰਕਾਰ ਭਾਰਤ ਨਾਲ ਕਿਸੇ ਵੀ ਤਰ੍ਹਾਂ ਦੀ ਨਾਰਾਜਗੀ ਤੋਂ ਬਚਣਾ ਚਾਹੁੰਦੀ ਹੈ, ਕਿਉਂਕਿ ਕੈਨੇਡਾ ਵਿੱਚ ਸਰਗਰਮ ਖਾਲਿਸਤਾਨੀ ਗਤੀਵਿਧੀਆਂ ਦੋਵਾਂ ਦੇਸ਼ਾਂ ਵਿਚਕਾਰ ਤਣਾਅ ਦਾ ਇੱਕ ਵੱਡਾ ਕਾਰਨ ਰਹੀਆਂ ਹਨ। ਸੂਤਰਾਂ ਦੇ ਮੁਤਾਬਕ, ਭਾਰਤ ਦੀ ਇਸ ਯਾਤਰਾ ਤੋਂ ਪਹਿਲਾਂ ਕੈਨੇਡਾ ਦੇ ਅਧਿਕਾਰੀ ਭਾਰਤ ‘ਤੇ ਲਗਾਏ ਗਏ ਕੁਝ ਗੰਭੀਰ ਦੋਸ਼ਾਂ ਤੋਂ ਪਿੱਛੇ ਹਟਦੇ ਦਿਖਾਈ ਦੇ ਰਹੇ ਹਨ, ਜਿਸ ਨਾਲ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਵਿੱਚ ਸੁਧਾਰ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਇਸ ਤੋਂ ਪਹਿਲਾਂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮਾਰਕ ਕਾਰਨੀ ਦੀ ਮੁਲਾਕਾਤ ਨਵੰਬਰ 2025 ਵਿੱਚ ਜੋਹਾਨਸਬਰਗ ਵਿੱਚ ਜੀ20 ਸੰਮੇਲਨ ਦੌਰਾਨ ਹੋਈ ਸੀ। ਸਾਲ 2024 ਵਿੱਚ ਭਾਰਤ, ਕੈਨੇਡਾ ਦਾ ਸੱਤਵਾਂ ਸਭ ਤੋਂ ਵੱਡਾ ਵਪਾਰਕ ਸਾਥੀ ਸੀ ਅਤੇ ਦੋਵਾਂ ਦੇਸ਼ਾਂ ਵਿਚਕਾਰ ਕੁੱਲ ਵਪਾਰ 30.8 ਅਰਬ ਡਾਲਰ ਦਰਜ ਕੀਤਾ ਗਿਆ ਸੀ। ਗੌਰਤਲਬ ਹੈ ਕਿ ਮਾਰਕ ਕਾਰਨੀ 27 ਫਰਵਰੀ ਤੋਂ 7 ਮਾਰਚ 2026 ਤੱਕ ਤਿੰਨ ਦੇਸ਼ਾਂ ਦੇ ਦੌਰੇ ‘ਤੇ ਹਨ। ਭਾਰਤ ਤੋਂ ਇਲਾਵਾ ਉਹ ਆਸਟ੍ਰੇਲੀਆ ਅਤੇ ਜਪਾਨ ਦਾ ਵੀ ਦੌਰਾ ਕਰਨਗੇ।
Posted By: Daily Suraj Bureau