Daily Suraj

ਪੰਜਾਬੀ

ਭਾਰਤ ‘ਪੈਕਸ ਸਿਲਿਕਾ’ ਗੱਠਜੋੜ ‘ਚ ਸ਼ਾਮਲ, ਗਲੋਬਲ ਟੈਕ ਖੇਤਰ ‘ਚ ਵੱਡਾ ਕਦਮ

21 Feb, 2026 10:18 AM

ਭਾਰਤ ਅੱਜ ਅਮਰੀਕਾ ਦੀ ਅਗਵਾਈ ਹੇਠਲੇ ਰਣਨੀਤਕ ਗੱਠਜੋੜ ‘ਪੈਕਸ ਸਿਲਿਕਾ’ ਵਿੱਚ ਸ਼ਾਮਲ ਹੋ ਗਿਆ ਹੈ। ਇਸ ਦਾ ਮੁੱਖ ਉਦੇਸ਼ ਅਹਿਮ ਖਣਿਜਾਂ ਅਤੇ ਮਸਨੂਈ ਬੌਧਿਕਤਾ (ਏ ਆਈ) ਲਈ ਮਜ਼ਬੂਤ ਸਪਲਾਈ ਲੜੀ ਤਿਆਰ ਕਰਨਾ ਹੈ। ਦੋਵਾਂ ਦੇਸ਼ਾਂ ਨੇ ਇਸ ਪਹਿਲਕਦਮੀ ਨੂੰ ਕਿਸੇ ਖਾਸ ਦੇਸ਼ ’ਤੇ ਬਹੁਤ ਜ਼ਿਆਦਾ ਨਿਰਭਰਤਾ ਘਟਾਉਣ ਦੇ ਕਦਮ ਵਜੋਂ ਪੇਸ਼ ਕੀਤਾ ਹੈ, ਜਿਸ ਨੂੰ ਸਿੱਧੇ ਤੌਰ ’ਤੇ ਚੀਨ ਵੱਲ ਇਸ਼ਾਰੇ ਵਜੋਂ ਦੇਖਿਆ ਜਾ ਰਿਹਾ ਹੈ। ਅਮਰੀਕੀ ਉਪ ਵਿਦੇਸ਼ ਮੰਤਰੀ (ਆਰਥਿਕ ਮਾਮਲੇ) ਜੈਕਬ ਹੈਲਬਰਗ ਨੇ ਇਸ ਗੱਠਜੋੜ ਵਿੱਚ ਭਾਰਤ ਦਾ ਸਵਾਗਤ ਕਰਦਿਆਂ ਅਹਿਮ ਖਣਿਜਾਂ ਦੀ ਸਪਲਾਈ ਲੜੀ ਦੇ ‘ਬਹੁਤ ਜ਼ਿਆਦਾ ਕੇਂਦਰਿਤ’ ਹੋਣ ਕਾਰਨ ਪੈਦਾ ਹੋਣ ਵਾਲੀਆਂ ਚੁਣੌਤੀਆਂ ਅਤੇ ‘ਆਰਥਿਕ ਜ਼ਬਰਦਸਤੀ ਤੇ ਬਲੈਕਮੇਲਿੰਗ ਦੇ ਖ਼ਤਰਿਆਂ’ ਬਾਰੇ ਸੁਚੇਤ ਕੀਤਾ। ਭਾਰਤ ’ਚ ਅਮਰੀਕਾ ਦੇ ਰਾਜਦੂਤ ਸਰਜੀਓ ਗੋਰ ਨੇ ਪੈਕਸ ਸਿਲਿਕਾ ’ਚ ਭਾਰਤ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਨਾਲ ਇਹ ਗੱਠਜੋੜ ਮਜ਼ਬੂਤ ਹੋਵੇਗਾ। ਭਾਰਤ ਨੇ ਏ ਆਈ ਇੰਪੈਕਟ ਸੰਮੇਲਨ ਦੌਰਾਨ ਪੈਕਸ ਸਿਲਿਕਾ ’ਚ ਸ਼ਾਮਲ ਹੋਣ ਸਬੰਧੀ ਸਮਝੌਤੇ ’ਤੇ ਦਸਤਖ਼ਤ ਕੀਤੇ। ਇਸ ਮਗਰੋਂ ਕੇਂਦਰੀ ਇਲੈਕਟ੍ਰੌਨਿਕਸ ਤੇ ਸੂਚਨਾ ਤਕਨੀਕ ਮੰਤਰੀ ਅਸ਼ਵਨੀ ਵੈਸ਼ਨਵ ਵੀ ਹਾਜ਼ਰ ਸਨ। ਆਪਣੇ ਸੰਬੋਧਨ ਵਿੱਚ ਸ੍ਰੀ ਵੈਸ਼ਨਵ ਨੇ ਇਸ ਪਲ ਨੂੰ ਰਸਮੀ ਦਸਤਖਤ ਤੋਂ ਕਿਤੇ ਵੱਧ ਅਹਿਮ ਦੱਸਿਆ। ਉਨ੍ਹਾਂ ਕਿਹਾ, ‘‘ਅਸੀਂ ਸਿਰਫ਼ ਸੰਮੇਲਨ ਹੀ ਨਹੀਂ ਕਰ ਰਹੇ, ਸਗੋਂ ਭਵਿੱਖ ਦਾ ਨਿਰਮਾਣ ਕਰ ਰਹੇ ਹਾਂ।’’ ਉਨ੍ਹਾਂ ਕਿਹਾ ਕਿ ਨਵੀਂ ਪੀੜ੍ਹੀ ਲਈ ਨਵੀਆਂ ਨੀਂਹਾਂ ਰੱਖੀਆਂ ਜਾ ਰਹੀਆਂ ਹਨ ਅਤੇ ਨਵੇਂ ਮੌਕੇ ਪੈਦਾ ਕੀਤੇ ਜਾ ਰਹੇ ਹਨ। ਉਨ੍ਹਾਂ ਭਾਰਤ ਦੀ ਵਧ ਰਹੀ ਸੈਮੀਕੰਡਕਟਰ ਸਮਰੱਥਾ ’ਤੇ ਜ਼ੋਰ ਦਿੰਦਿਆਂ ਕਿਹਾ, ‘‘ਅੱਜ ਭਾਰਤ ਦੇ ਹੁਨਰਮੰਦ ਇੰਜਨੀਅਰ ਦੁਨੀਆ ਦੇ ਸਭ ਤੋਂ ਉੱਨਤ ‘ਦੋ-ਨੈਨੋਮੀਟਰ’ ਚਿਪਸ ਡਿਜ਼ਾਈਨ ਕਰ ਰਹੇ ਹਨ। ਸੈਮੀਕੰਡਕਟਰ ਉਦਯੋਗ ਨੂੰ ਲਗਭਗ 10 ਲੱਖ ਨਵੇਂ ਹੁਨਰਮੰਦ ਪੇਸ਼ੇਵਰਾਂ ਦੀ ਲੋੜ ਹੋਵੇਗੀ ਅਤੇ ਇਹ ਭਾਰਤ ਲਈ ਬਹੁਤ ਵੱਡਾ ਮੌਕਾ ਹੈ।’’ ਨਵੀਂ ਦਿੱਲੀ ਦਾ ਇਸ ਗੱਠਜੋੜ ਵਿੱਚ ਸ਼ਾਮਲ ਹੋਣ ਦਾ ਫ਼ੈਸਲਾ ਦੋਵਾਂ ਧਿਰਾਂ ਵੱਲੋਂ ਤਜਵੀਜ਼ ਕੀਤੇ ਵਪਾਰ ਸੌਦੇ ਨੂੰ ਅੰਤਿਮ ਰੂਪ ਦੇਣ ਤੇ ਗੰਭੀਰ ਤਣਾਅ ਦੇ ਦੌਰ ਮਗਰੋਂ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਕਈ ਹੋਰ ਪਹਿਲਕਦਮੀਆਂ ਨੂੰ ਅੱਗੇ ਵਧਾਉਣ ਦੇ ਯਤਨਾਂ ਦੌਰਾਨ ਲਿਆ ਗਿਆ ਹੈ।

Posted By: Daily Suraj Bureau

Latest News