ਕੇਰਲ ਦੀ ਕੇਜ਼ੀਆ ਲਿਜ਼ ਮੇਜੋ ਦੇ ਸਿਰ ਸਜਿਆ ਮਿਸ ਯੂਨੀਵਰਸ ਇੰਡੀਆ-2026 ਦਾ ਤਾਜ
ਕੇਰਲ ਦੀ ਕੇਜ਼ੀਆ ਲਿਜ਼ ਮੇਜੋ ਨੇ ਮਿਸ ਯੂਨੀਵਰਸ ਇੰਡੀਆ-2026 ਦਾ ਖਿਤਾਬ ਆਪਣੇ ਨਾਮ ਕਰ ਲਿਆ ਹੈ। ਆਪਣੀ ਖੂਬਸੂਰਤੀ, ਆਤਮ-ਵਿਸ਼ਵਾਸ ਅਤੇ ਹਾਜ਼ਰਜਵਾਬੀ ਨਾਲ ਲਿਜ਼ ਨੇ ਜੱਜਾਂ ਅਤੇ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ। ਮਿਸ ਯੂਨੀਵਰਸ ਇੰਡੀਆ-2025 ਦੀ ਜੇਤੂ ਮਨਿਕਾ ਵਿਸ਼ਵਕਰਮਾ ਨੇ ਉਨ੍ਹਾਂ ਨੂੰ ਤਾਜ ਪਹਿਨਾਇਆ। ਜੈਪੁਰ ਦੇ ਜੀ-ਸਟੂਡੀਓ ਵਿੱਚ ਐਤਵਾਰ ਦੇਰ ਰਾਤ ਮਿਸ ਯੂਨੀਵਰਸ ਇੰਡੀਆ 2026 ਦਾ ਗ੍ਰੈਂਡ ਫਾਈਨਲ ਕਰਵਾਇਆ ਗਿਆ। ਮੁਕਾਬਲੇ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਪਹੁੰਚੀਆਂ 52 ਫਾਈਨਲਿਸਟਾਂ ਨੇ ਆਪਣੇ ਹੁਨਰ, ਖੂਬਸੂਰਤੀ ਅਤੇ ਆਤਮ-ਵਿਸ਼ਵਾਸ ਦਾ ਪ੍ਰਦਰਸ਼ਨ ਕੀਤਾ। ਸਖ਼ਤ ਮੁਕਾਬਲੇ ਤੋਂ ਬਾਅਦ ਕੇਜ਼ੀਆ ਲਿਜ਼ ਮੇਜੋ ਨੇ 52 ਮੁਕਾਬਲੇਬਾਜ਼ਾਂ ਨੂੰ ਪਿੱਛੇ ਛੱਡਦਿਆਂ ਖਿਤਾਬ ਜਿੱਤਿਆ। ਤਾਮਿਲਨਾਡੂ ਦੀ ਵੈਸ਼ਨਵੀ ਗਣੇਸ਼ ਪਹਿਲੀ ਰਨਰ-ਅੱਪ ਰਹੀ। ਉਸ ਨੂੰ ਮਿਸ ਇੰਟਰਨੈਸ਼ਨਲ ਇੰਡੀਆ 2026 ਦਾ ਖਿਤਾਬ ਵੀ ਮਿਲਿਆ। ਇਸੇ ਤਰ੍ਹਾਂ ਗੁਜਰਾਤ ਦੀ ਅਨੁਸ਼੍ਰੀ ਸਾਤਵਲੇਕਰ ਦੂਜੀ ਰਨਰ-ਅੱਪ ਰਹੀ। ਮਿਸ ਯੂਨੀਵਰਸ ਇੰਡੀਆ-2026 ਦਾ ਖਿਤਾਬ ਜਿੱਤਣ ਤੋਂ ਬਾਅਦ ਹੁਣ ਕੇਜ਼ੀਆ ਲਿਜ਼ ਮੇਜੋ ਮਿਸ ਯੂਨੀਵਰਸ 2026 ਵਿੱਚ ਭਾਰਤ ਦੀ ਨੁਮਾਇੰਦਗੀ ਕਰੇਗੀ। ਮਿਸ ਯੂਨੀਵਰਸ ਦੁਨੀਆ ਦੇ ਸਭ ਤੋਂ ਵੱਡੇ ਅਤੇ ਪ੍ਰਸਿੱਧ ਬਿਊਟੀ ਪੇਜੈਂਟਸ ਵਿੱਚੋਂ ਇੱਕ ਹੈ। ਕੇਜ਼ੀਆ ਲਿਜ਼ ਮੇਜੋ ਲਾਅ ਦੀ ਵਿਦਿਆਰਥਣ ਹੈ। ਮਾਡਲਿੰਗ ਤੋਂ ਇਲਾਵਾ ਉਹ ਐਕਟਰ ਅਤੇ ਕਲਾਸੀਕਲ ਡਾਂਸਰ ਵੀ ਹੈ। ਇਸ ਤੋਂ ਪਹਿਲਾਂ ਉਹ ਮਿਸ ਟੀਨ ਇੰਟਰਨੈਸ਼ਨਲ 2025 ਦੀ ਪਹਿਲੀ ਰਨਰ-ਅੱਪ ਵੀ ਰਹਿ ਚੁੱਕੀ ਹੈ। ਖਿਤਾਬ ਜਿੱਤਣ ਤੋਂ ਬਾਅਦ ਕੇਜ਼ੀਆ ਨੇ ਕਿਹਾ ਕਿ ਇਹ ਤਾਜ ਉਨ੍ਹਾਂ ਲਈ ਸਿਰਫ਼ ਇੱਕ ਪ੍ਰਾਪਤੀ ਨਹੀਂ, ਸਗੋਂ ਇੱਕ ਵੱਡੀ ਜ਼ਿੰਮੇਵਾਰੀ ਵੀ ਹੈ। ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਮੰਚ ’ਤੇ ਭਾਰਤ ਦੀ ਨੁਮਾਇੰਦਗੀ ਕਰਨਾ ਉਨ੍ਹਾਂ ਲਈ ਮਾਣ ਅਤੇ ਸਤਿਕਾਰ ਦੀ ਗੱਲ ਹੈ। ਕੇਜ਼ੀਆ ਨੇ ਕਿਹਾ ਕਿ ਉਹ ਇਸ ਮੌਕੇ ਰਾਹੀਂ ਭਾਰਤ ਦੇ ਸੱਭਿਆਚਾਰ, ਹੁਨਰ ਅਤੇ ਨਵੀਂ ਪੀੜ੍ਹੀ ਦੀ ਤਾਕਤ ਨੂੰ ਦੁਨੀਆ ਦੇ ਸਾਹਮਣੇ ਪੇਸ਼ ਕਰਨਾ ਚਾਹੁੰਦੀ ਹੈ।
Posted By: Daily Suraj Bureau