ਪਾਬੰਦੀਸ਼ੁਦਾ ਪੰਛੀਆਂ ਦੀ ਤਸਕਰੀ ਬੇਨਕਾਬ, ਨੌਜਵਾਨ ਖ਼ਿਲਾਫ਼ ਮਾਮਲਾ ਦਰਜ
ਜੰਗਲੀ ਜੀਵ ਵਿਭਾਗ ਨੇ ਲੁਧਿਆਣਾ ਦੇ ਜਮਾਲਪੁਰ ਇਲਾਕੇ ਵਿੱਚ ਪਾਬੰਦੀਸ਼ੁਦਾ ਪੰਛੀਆਂ ਦੀ ਤਸਕਰੀ ਦੇ ਦੋਸ਼ ਵਿੱਚ ਇੱਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਕੋਲੋਂ ਦੋ ਦੁਰਲੱਭ ‘ਰਾਮ ਤੋਤੇ’ (Alexandrine Parakeet) ਬਰਾਮਦ ਕੀਤੇ ਗਏ ਹਨ। ਵਿਭਾਗ ਵੱਲੋਂ ਦੱਸਿਆ ਗਿਆ ਹੈ ਕਿ ਮੁਲਜ਼ਮ ਖ਼ਿਲਾਫ਼ ਜੰਗਲੀ ਜੀਵ ਸੁਰੱਖਿਆ ਐਕਟ, 1972 ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਸ ਦੇ ਵਿਰੁੱਧ ਧਾਰਾ 2, 39, 48, 48A, 49, 50 ਅਤੇ 51 ਦੇ ਅਧੀਨ ਕਾਰਵਾਈ ਕੀਤੀ ਗਈ ਹੈ। ਜਾਣਕਾਰੀ ਅਨੁਸਾਰ, ਲੁਧਿਆਣਾ ਜੰਗਲੀ ਜੀਵ ਵਿਭਾਗ ਦੇ ਰੇਂਜ ਅਧਿਕਾਰੀ ਨੂੰ ਸੂਚਨਾ ਮਿਲੀ ਸੀ ਕਿ ਮੁੰਡੀਆਂ ਕਲਾਂ ਪਿੰਡ ਦਾ ਇੱਕ ਨੌਜਵਾਨ ਪਾਬੰਦੀਸ਼ੁਦਾ ਪੰਛੀਆਂ ਦੇ ਗੈਰ-ਕਾਨੂੰਨੀ ਵਪਾਰ ਵਿੱਚ ਸ਼ਾਮਲ ਹੈ। ਇਸ ਸੂਚਨਾ ਦੇ ਆਧਾਰ ‘ਤੇ ਵਿਭਾਗ ਨੇ ਜਾਲ ਬਿਛਾ ਕੇ ਜਮਾਲਪੁਰ ਖੇਤਰ ਵਿੱਚ ਕਾਰਵਾਈ ਕਰਦਿਆਂ ਮੁਲਜ਼ਮ ਨੂੰ ਕਾਬੂ ਕਰ ਲਿਆ। ਗ੍ਰਿਫ਼ਤਾਰ ਕੀਤੇ ਗਏ ਨੌਜਵਾਨ ਦੀ ਪਛਾਣ ਵਿਸ਼ਾਲ ਗਰੇਵਾਲ ਵਜੋਂ ਹੋਈ ਹੈ, ਜੋ ਲੁਧਿਆਣਾ ਦੇ ਮੁੰਡੀਆਂ ਕਲਾਂ ਦੇ ਲਹਿਰੀ ਨਗਰ ਦਾ ਰਹਿਣ ਵਾਲਾ ਹੈ। ਤਲਾਸ਼ੀ ਦੌਰਾਨ ਉਸ ਕੋਲੋਂ ਦੋ ਰਾਮ ਤੋਤੇ ਬਰਾਮਦ ਕੀਤੇ ਗਏ, ਜਿਨ੍ਹਾਂ ਨੂੰ ਉਹ ਗੈਰ-ਕਾਨੂੰਨੀ ਤਰੀਕੇ ਨਾਲ ਵੇਚਣ ਦੀ ਕੋਸ਼ਿਸ਼ ਕਰ ਰਿਹਾ ਸੀ। ਬਰਾਮਦ ਕੀਤੇ ਪੰਛੀਆਂ ਨੂੰ ਸੁਰੱਖਿਅਤ ਥਾਂ ‘ਤੇ ਭੇਜ ਦਿੱਤਾ ਗਿਆ ਹੈ। ਗੌਰਤਲਬ ਹੈ ਕਿ ਭਾਰਤ ਵਿੱਚ ਕਈ ਕਿਸਮਾਂ ਦੇ ਤੋਤਿਆਂ ਨੂੰ ਰੱਖਣਾ ਜਾਂ ਉਨ੍ਹਾਂ ਦਾ ਵਪਾਰ ਕਰਨਾ ਕਾਨੂੰਨਨ ਮਨਾਹੀ ਹੈ। ਜੇਕਰ ਕੋਈ ਵਿਅਕਤੀ ਜੰਗਲੀ ਜੀਵ ਸੁਰੱਖਿਆ ਐਕਟ ਤਹਿਤ ਦੋਸ਼ੀ ਪਾਇਆ ਜਾਂਦਾ ਹੈ, ਤਾਂ ਉਸ ਨੂੰ ਭਾਰੀ ਜੁਰਮਾਨੇ ਦੇ ਨਾਲ-ਨਾਲ ਕੈਦ ਦੀ ਸਜ਼ਾ ਵੀ ਹੋ ਸਕਦੀ ਹੈ। ਵਿਭਾਗ ਵੱਲੋਂ ਹੁਣ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਮੁਲਜ਼ਮ ਕਿਸੇ ਵੱਡੇ ਤਸਕਰੀ ਜਾਲ ਨਾਲ ਜੁੜਿਆ ਹੋਇਆ ਹੈ ਜਾਂ ਨਹੀਂ।
Posted By: Daily Suraj Bureau