Daily Suraj

ਪੰਜਾਬੀ

ਹੀਟਵੇਵ ਦੇ ਅਲਰਟ ਵਿਚਕਾਰ ਵਿਦਿਆਰਥੀਆਂ ਲਈ ਰਾਹਤ, ਸਕੂਲਾਂ ਵਿੱਚ ਲੱਗੀਆਂ ਗਰਮੀ ਦੀਆਂ ਛੁੱਟੀਆਂ

20 May, 2026 10:13 AM

ਭਿਆਨਕ ਗਰਮੀ ਅਤੇ ਲੂ ਦੇ ਵਧਦੇ ਪ੍ਰਭਾਵ ਨੂੰ ਦੇਖਦਿਆਂ ਚੰਡੀਗੜ੍ਹ ਦੇ ਸਕੂਲਾਂ ਵਿੱਚ ਗਰਮੀ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਸਕੂਲਾਂ ਵਿੱਚ 23 ਮਈ ਤੋਂ 30 ਜੂਨ 2026 ਤੱਕ ਛੁੱਟੀਆਂ ਰਹਿਣਗੀਆਂ। ਹਾਲਾਂਕਿ 29 ਅਤੇ 30 ਜੂਨ ਨੂੰ ਅਧਿਆਪਕ ਸਕੂਲਾਂ ਵਿੱਚ ਹਾਜ਼ਰ ਰਹਿਣਗੇ। ਇਹ ਫੈਸਲਾ ਉਸ ਵੇਲੇ ਲਿਆ ਗਿਆ ਹੈ ਜਦੋਂ ਭਾਰਤੀ ਮੌਸਮ ਵਿਗਿਆਨ ਵਿਭਾਗ ਵੱਲੋਂ ਪੰਜਾਬ ਅਤੇ ਚੰਡੀਗੜ੍ਹ ਲਈ ‘ਸੀਵੀਅਰ ਹੀਟਵੇਵ’ ਦਾ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਤਾਪਮਾਨ ਵਿੱਚ ਹੋਰ ਵਾਧਾ ਹੋ ਸਕਦਾ ਹੈ ਅਤੇ ਗਰਮ ਹਵਾਵਾਂ ਲੋਕਾਂ ਦੀ ਸਿਹਤ ‘ਤੇ ਗੰਭੀਰ ਅਸਰ ਪਾ ਸਕਦੀਆਂ ਹਨ। ਸਿਹਤ ਮਾਹਿਰਾਂ ਮੁਤਾਬਕ ਤੇਜ਼ ਗਰਮੀ ਅਤੇ ਲੂ ਕਾਰਨ ਹੀਟ ਸਟ੍ਰੋਕ ਅਤੇ ਗਰਮੀ ਨਾਲ ਸੰਬੰਧਿਤ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ। ਖਾਸ ਕਰਕੇ ਬੱਚੇ, ਬਜ਼ੁਰਗ ਅਤੇ ਪਹਿਲਾਂ ਤੋਂ ਬਿਮਾਰ ਲੋਕ ਇਸ ਦੇ ਵੱਧ ਪ੍ਰਭਾਵ ਹੇਠ ਆ ਸਕਦੇ ਹਨ। ਇਸੇ ਨੂੰ ਧਿਆਨ ਵਿੱਚ ਰੱਖਦਿਆਂ ਵਿਦਿਆਰਥੀਆਂ ਦੀ ਸੁਰੱਖਿਆ ਲਈ ਛੁੱਟੀਆਂ ਕਰਨ ਦਾ ਫੈਸਲਾ ਲਿਆ ਗਿਆ ਹੈ। ਚੰਡੀਗੜ੍ਹ ਪ੍ਰਸ਼ਾਸਨ ਦੇ ਇਸ ਫੈਸਲੇ ਨਾਲ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਗਰਮੀ ਤੋਂ ਕੁਝ ਰਾਹਤ ਮਿਲਣ ਦੀ ਉਮੀਦ ਜਤਾਈ ਜਾ ਰਹੀ ਹੈ।

Latest News