ਗ੍ਰਹਿ ਵਿਭਾਗ ਨੂੰ ਪੱਤਰ: ਨੰਗਲ ਡੈਮ ਦੀ ਸੁਰੱਖਿਆ ਨੂੰ ਖ਼ਤਰਾ!

ਗ੍ਰਹਿ ਵਿਭਾਗ ਨੂੰ ਪੱਤਰ: ਨੰਗਲ ਡੈਮ ਦੀ ਸੁਰੱਖਿਆ ਨੂੰ ਖ਼ਤਰਾ!

ਚੰਡੀਗੜ੍ਹ : ਬੀਬੀਐੱਮਬੀ ਵੱਲੋਂ ਹਰਿਆਣਾ ਨੂੰ ਵਾਧੂ ਪਾਣੀ ਦੇਣ ਦੇ ਫ਼ੈਸਲੇ ਮਗਰੋਂ ਨੰਗਲ ਡੈਮ ਦੀ ਸੁਰੱਖਿਆ ਲਈ ਖ਼ਤਰਾ ਖੜ੍ਹਾ ਹੋ ਗਿਆ ਹੈ ਜਿਸ ਦੇ ਮੱਦੇਨਜ਼ਰ ਭਾਖੜਾ ਡੈਮ ਦੇ ਮੁੱਖ ਇੰਜਨੀਅਰ ਨੇ ਫ਼ੌਰੀ ਪੁਲੀਸ ਦੀ ਸੁਰੱਖਿਆ ਮੰਗੀ ਹੈ। ਅੱਜ ਦੁਪਹਿਰ 12 ਵਜੇ ਪਿੱਛੋਂ ਨੰਗਲ ਡੈਮ ਅਤੇ ਲੋਹੰਡ ਖੱਡ ਦੇ ਗੇਟਾਂ ਲਾਗੇ ਮਾਹੌਲ ਵਿਗੜਨ ਦਾ ਖ਼ਦਸ਼ਾ ਜ਼ਾਹਿਰ ਕੀਤਾ ਗਿਆ ਹੈ।

ਵੇਰਵਿਆਂ ਅਨੁਸਾਰ ਜਲ ਸਰੋਤ ਵਿਭਾਗ ਨੇ ਅੱਜ ਹੀ ਪੰਜਾਬ ਦੇ ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਨੂੰ ਪੱਤਰ ਲਿਖ ਕੇ ਨੰਗਲ ਡੈਮ ਅਤੇ ਆਸ ਪਾਸ ਦੇ ਖੇਤਰਾਂ ’ਚ ਅਮਨ ਕਾਨੂੰਨ ਦੀ ਵਿਵਸਥਾ ਦੀ ਪੈਦਾ ਹੋਈ ਸਥਿਤੀ ਨਾਲ ਨਜਿੱਠਣ ਲਈ ਫ਼ੌਰੀ ਗ੍ਰਹਿ ਵਿਭਾਗ ਦੇ ਦਖ਼ਲ ਦੀ ਮੰਗ ਕੀਤੀ ਹੈ। ਭਾਖੜਾ ਡੈਮ ਦੇ ਮੁੱਖ ਇੰਜਨੀਅਰ ਚਰਨਪ੍ਰੀਤ ਸਿੰਘ ਵੱਲੋਂ ਐੱਸਐੱਸਪੀ ਰੋਪੜ ਨੂੰ ਈਮੇਲ ਭੇਜ ਕੇ ਸਥਿਤੀ ਤੋਂ ਜਾਣੂ ਕਰਾਇਆ ਗਿਆ ਹੈ।

ਨੰਗਲ ਡੈਮ ਅਤੇ ਲੋਹੰਡ ਖੱਡ ਦੇ ਲਾਗੇ ਪ੍ਰਦਰਸ਼ਨਕਾਰੀ ਪੁੱਜੇ ਹੋਏ ਹਨ ਜਿਨ੍ਹਾਂ ਵੱਲੋਂ ਧਰਨਾ ਦਿੱਤੇ ਜਾਣ ਕਰ ਕੇ ਡੈਮ ਦੇ ਕਰਮਚਾਰੀਆਂ ਨੂੰ ਕੰਮ ਕਰਨ ਵਿੱਚ ਮੁਸ਼ਕਲਾਂ ਖੜ੍ਹੀਆਂ ਹੋ ਗਈਆਂ ਹਨ। ਈ-ਮੇਲ ਜ਼ਰੀਏ ਪੁਲੀਸ ਦੀ ਸੁਰੱਖਿਆ ਮੰਗੀ ਗਈ ਹੈ ਤਾਂ ਜੋ ਅਧਿਕਾਰੀਆਂ ਅਤੇ ਕਰਮਚਾਰੀਆਂ ਸਮੇਤ ਡੈਮਾਂ ਦੀ ਸੁਰੱਖਿਆ ਹੋ ਸਕੇ।

ਦੂਜੇ ਪਾਸੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਬੀਬੀਐੱਮਬੀ ਦੀ ਪਟੀਸ਼ਨ ’ਤੇ ਸੁਣਵਾਈ ਸ਼ੁਰੂ ਹੋ ਗਈ ਹੈ। ਬੀਬੀਐੱਮਬੀ ਦੀ ਮੰਗ ਹੈ ਕਿ ਡੈਮਾਂ ਤੋਂ ਪੰਜਾਬ ਪੁਲੀਸ ਹਟਾਈ ਜਾਵੇ। ਲੰਘੀ ਰਾਤ ਬੀਬੀਐੱਮਬੀ ਨੇ ਭਾਖੜਾ ਡੈਮ ਦੇ ਗੇਟ ਖੁਲ੍ਹਵਾਉਣ ਲਈ ਹਰਿਆਣਾ ਤਰਫ਼ੋਂ ਤਾਇਨਾਤ ਮੁਲਾਜ਼ਮਾਂ ’ਤੇ ਦਬਾਅ ਬਣਾਇਆ ਸੀ ਪ੍ਰੰਤੂ ਪੰਜਾਬ ਸਰਕਾਰ ਨੇ ਭਿਣਕ ਪੈਂਦਿਆਂ ਹੀ ਸਾਰੀਆਂ ਕੋਸ਼ਿਸ਼ਾਂ ਨੂੰ ਨਾਕਾਮ ਬਣਾ ਦਿੱਤਾ।

#NangalDam #SecurityAlert #HomeMinistry #CriticalInfrastructure #PunjabNews #NationalSecurity #DamSafety #WaterSecurity