Daily Suraj

ਪੰਜਾਬੀ

ਅਪਰਾਧ ਖ਼ਿਲਾਫ਼ ਕਾਰਵਾਈ: ਅੰਮ੍ਰਿਤਸਰ ਪੁਲਿਸ ਨੇ ਸੱਤਾ ਨੌਸ਼ਹਿਰਾ ਗਰੋਹ ਦੇ ਮੈਂਬਰ ਫੜੇ

29 Jan, 2026 06:45 PM

ਭੱਜਣ ਦੀ ਕੋਸ਼ਿਸ਼ ਦੌਰਾਨ ਗੋਲੀ ਲੱਗਣ ਕਰਕੇ ਇਕ ਜ਼ਖ਼ਮੀ ਅੰਮ੍ਰਿਤਸਰ ਕਮਿਸ਼ਨਰੇਟ ਪੁਲੀਸ ਨੇ ਅੱਜ ਸੰਖੇਪ ਮੁਕਾਬਲੇ ਦੌਰਾਨ ਵਿਦੇਸ਼ ਬੈਠੇ ਗੈਂਗਸਟਰ ਸੱਤਾ ਨੌਸ਼ਹਿਰਾ ਦੇ ਤਿੰਨ ਕਾਰਕੁਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਵਿਚੋਂ ਇਕ ਭੱਜਣ ਦੀ ਕੋਸ਼ਿਸ਼ ਦੌਰਾਨ ਪੁਲੀਸ ਦੀ ਗੋਲੀ ਲੱਗਣ ਕਰਕੇ ਜ਼ਖ਼ਮੀ ਹੋ ਗਿਆ। ਉਹ ਸਥਾਨਕ ਕਾਰੋਬਾਰੀ ਨੂੰ ਕਥਿਤ ਨਿਸ਼ਾਨਾ ਬਣਾ ਕੇ ਕੀਤੀ ਗਈ ਗੋਲੀਬਾਰੀ ਵਿੱਚ ਸ਼ਾਮਲ ਸਨ। ਇਹ ਗ੍ਰਿਫ਼ਤਾਰੀਆਂ ‘ਗੈਂਗਸਟਰਾਂ ’ਤੇ ਵਾਰ’ ਮੁਹਿੰਮ ਤਹਿਤ ਪੁਲੀਸ ਵੱਲੋਂ ਕੀਤੀ ਕਾਰਵਾਈ ਦਾ ਹਿੱਸਾ ਹਨ। ਇਸ ਮਾਮਲੇ ਵਿੱਚ 16 ਜਨਵਰੀ ਨੂੰ ਬੀ-ਡਿਵੀਜ਼ਨ ਪੁਲੀਸ ਥਾਣੇ ਵਿੱਚ ਜਬਰੀ ਵਸੂਲੀ, ਅਪਰਾਧਿਕ ਧਮਕੀ ਅਤੇ ਹਥਿਆਰ ਐਕਟ ਦੇ ਦੋਸ਼ਾਂ ਹੇਠ ਐਫਆਈਆਰ ਦਰਜ ਕੀਤੀ ਗਈ ਸੀ। ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਵੇਰਵੇ ਸਾਂਝੇ ਕਰਦੇ ਹੋਏ ਕਿਹਾ ਕਿ ਗੋਲੀਬਾਰੀ ਦੀ ਘਟਨਾ 16 ਜਨਵਰੀ ਨੂੰ ਵਾਪਰੀ ਸੀ। ਹਾਲਾਂਕਿ ਸ਼ਿਕਾਇਤਕਰਤਾ ਨੇ ਸ਼ੁਰੂ ਵਿੱਚ ਡਰ ਕਾਰਨ ਪੂਰੀ ਜਾਣਕਾਰੀ ਸਾਂਝੀ ਕਰਨ ਤੋਂ ਗੁਰੇਜ਼ ਕੀਤਾ, ਪਰ ਪੁਲੀਸ ਨੇ ਜਾਂਚ ਮਗਰੋਂ ਮਾਮਲੇ ਨੂੰ ਸੁਲਝਾਉਣ ਲਈ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਸੀ। ਜਾਂਚ ਦੌਰਾਨ ਪੁਲੀਸ ਨੇ ਮੁੱਖ ਮੁਲਜ਼ਮ ਜਸ਼ਨਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਉਸ ਦੀ ਨਿਸ਼ਾਨਦੇਹੀ ’ਤੇ ਦੋ ਹੋਰ ਮੁਲਜ਼ਮਾਂ ਜੋਬਨਜੀਤ ਸਿੰਘ ਤੇ ਗੁਰਕੀਰਤ ਸਿੰਘ ਉਰਫ਼ ਕੀਰਤ ਦੀ ਪਛਾਣ ਕੀਤੀ ਗਈ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਜਾਂਚ ਦੌਰਾਨ ਸਾਹਮਣੇ ਆਇਆ ਕਿ ਤਿੰਨੋਂ ਗੋਲੀਬਾਰੀ ਦੀ ਘਟਨਾ ਦੀ ਸਾਜ਼ਿਸ਼ ਅਤੇ ਅੰਜਾਮ ਦੇਣ ਵਿੱਚ ਸਰਗਰਮੀ ਨਾਲ ਸ਼ਾਮਲ ਸਨ।

Posted By: Daily Suraj Bureau

Latest News