Daily Suraj

ਪੰਜਾਬੀ

ਭਾਜਪਾ ਵੱਲੋਂ ਕੱਢੀ ਜਾ ਰਹੀ ਦਲਿਤ ਇਨਸਾਫ ਯਾਤਰਾ ਕੋਰਾ ਡਰਾਮਾ - ਮਲਕੀਤ ਸਿੰਘ ਚੰਗਾਲ

23 Oct, 2020 05:30 AM

ਲੌਂਗੋਵਾਲ, 23 ਅਕਤੂਬਰ (ਜਗਸੀਰ ਸਿੰਘ) - ਭਾਰਤੀ ਜਨਤਾ ਪਾਰਟੀ ਵੱਲੋਂ ਕੱਢੀ ਜਾ ਰਹੀ ਦਲਿਤ ਇਨਸਾਫ ਯਾਤਰਾ ਨੂੰ ਕੋਰਾ ਡਰਾਮਾ ਕਰਾਰ ਦਿੰਦਿਆਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਮਲਕੀਤ ਸਿੰਘ ਚੰਗਾਲ ਨੇ ਕਿਹਾ ਕਿ ਅਪਣੇ ਰਾਜ ਵਿੱਚ ਦਲਿਤਾਂ ਤੇ ਘੋਰ ਅੱਤਿਆਚਾਰ ਕਰਨ ਵਾਲੀ ਭਾਜਪਾ ਵੱਲੋਂ ਦਲਿਤ ਸਮਾਜ ਨੂੰ ਇਨਸਾਫ ਦੇਣ ਦੀ ਗੱਲ ਕਰਨੀ ਕੋਰਾ ਡਰਾਮਾ ਹੈ । ਉਹਨਾਂ ਕਿਹਾ ਕਿ ਉੱਤਰ ਪ੍ਰਦੇਸ ਦੇ ਹਾਥਰਸ ਵਿੱਚ ਵਾਪਰੀਆਂ ਅਨੇਕਾਂ ਅਜਿਹੀਆਂ ਘਟਨਾਵਾਂ ਹਨ ਜਿੰਨਾ ਵਿੱਚ ਭਾਜਪਾ ਸਾਸਤ ਰਾਜਾਂ ਵਿੱਚ ਦਲਿਤਾਂ ਦੀਆਂ ਇੱਜਤਾਂ ਨਾਲ ਖਿਲਵਾੜ ਹੋਏ ਹਨ ਤੇ ਅੱਜ ਤੱਕ ਕਿਸੇ ਵੀ ਦਲਿਤ ਨੂੰ ਕੋਈ ਇਨਸਾਫ ਨਹੀਂ ਮਿਲਿਆ । ਉਹਨਾਂ ਕਿਹਾ ਕਿ ਜਦੋਂ ਤੋਂ ਭਾਰਤ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ ਹੈ ਉਦੋਂ ਤੋਂ ਦਲਿਤ ਸਮਾਜ ਦੇ ਲੋਕਾਂ ਦਾ ਸਮਾਜਿਕ ਜੀਵਨ ਬੁਰੀ ਤਰਾਂ ਪ੍ਰਭਾਵਿਤ ਹੋਇਆ ਹੈ ਸਮੁੱਚੇ ਦੇ ਦਲਿਤ ਭਾਜਪਾ ਦੀਆਂ ਨੀਤੀਆਂ ਤੋਂ ਖਫਾ ਹੋ ਥਾਂ ਥਾਂ ਰੋਸ ਪ੍ਰਦਰਸ਼ਨ ਕਰ ਰਹੇ ਹਨ ਅਜਿਹੇ ਵਿੱਚ ਭਾਜਪਾ ਵੱਲੋਂ ਕੱਢੀ ਜਾਣ ਵਾਲੀ ਦਲਿਤ ਇਨਸਾਫ਼ ਯਾਤਰਾ ਕੋਰਾ ਡਰਾਮਾ ਹੈ ਭਾਜਪਾ ਵੱਲੋਂ ਦਲਿਤ ਵੋਟ ਬੈਂਕ ਨੂੰ ਗੁੰਮਰਾਹ ਕਰਨ ਦਾ ਜਰੀਆ ਹੈ ਤੇ ਇਸ ਯਾਤਰਾ ਰਾਹੀਂ ਸੂਬੇ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਨੂੰ ਢਾਅ ਲਾਉਣ ਦੇ ਮਨਸੂਬੇ ਘੜੇ ਜਾ ਰਹੇ ਜਦਕਿ ਸੂਬੇ ਦਾ ਸਮੁੱਚ ਦਲਿਤ ਸਮਾਜ ਕਿਸਾਨਾਂ ਦੇ ਅੰਦੋਲਨ ਵਿੱਚ ਮੋਢੇ ਨਾਲ ਮੋਢਾ ਲਾ ਕੇ ਖੜ੍ਹਾ ਹੈ । ਉਹਨਾਂ ਕਿਹਾ ਕਿ ਭਾਜਪਾ ਅਜਿਹੇ ਡਰਾਮੇ ਬੰਦ ਕਰਕੇ ਦਲਿਤ ਵਰਗ ਨਾਲ ਹੋਈਆਂ ਬੇਇਨਸਾਫ਼ੀਆਂ ਲਈ ਮਾਫੀ ਮੰਗਦਿਆਂ ਧਨਾਢਾਂ ਦੇ ਅੱਤਿਆਚਾਰ ਦਾ ਸਿਕਾਰ ਹੋਏ ਦਲਿਤਾਂ ਨੂੰ ਇਨਸਾਫ਼ ਦੇਣ ਲਈ ਗੰਭੀਰਤਾ ਨਾਲ ਸੋਚੇ ।

Latest News