Daily Suraj

ਪੰਜਾਬੀ

ਟਰੈਕਟਰ ਤੇ ਮੋਟਰਸਾਈਕਲ ਦੀ ਟੱਕਰ ਕਾਰਨ ਹੌਲਦਾਰ ਹਲਾਕ

30 Nov, 2018 05:30 AM

ਲਾਲੜੂ, ਥਾਣਾ ਹੰਡੇਸਰਾ ਅਧੀਨ ਆਉਂਦੇ ਪਿੰਡ ਸੀਂਹਪੁਰ ਨੇੜੇ ਬੀਤੀ ਸ਼ਾਮ ਤੇਜ਼ ਰਫਤਾਰ ਟਰੈਕਟਰ-ਟਰਾਲੀ ਦੀ ਲਪੇਟ ਵਿਚ ਆਉਣ ਕਾਰਨ ਮੋਟਰਸਾਈਕਲ ਸਵਾਰ ਚੰਡੀਗੜ੍ਹ ਪੁਲੀਸ ਦੇ ਹੌਲਦਾਰ ਦੀ ਮੌਤ ਹੋ ਗਈ। ਪੁਲੀਸ ਨੇ ਟਰੈੱਕਟਰ ਚਾਲਕ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਗੁਰਵਿੰਦਰ ਸਿੰਘ ਵਾਸੀ ਪਿੰਡ ਰਾਣੀਮਾਜਰਾ, ਚੰਡੀਗੜ੍ਹ ਪੁਲੀਸ ਵਿਚ ਹੌਲਦਾਰ ਵਜੋਂ ਤਾਇਨਾਤ ਸੀ। ਉਹ ਆਪਣੇ ਮੋਟਰਸਾਈਕਲ ਰਾਹੀਂ ਹੰਡੇਸਰਾ ਤੋਂ ਆਪਣੇ ਪਿੰਡ ਰਾਣੀਮਾਜਰਾ ਆ ਰਿਹਾ ਸੀ। ਇਸੇ ਦੌਰਾਨ ਸ਼ਾਮ ਦੇ 6 ਵਜੇ ਪਿੰਡ ਸੀਂਹਪੁਰ ਨੇੜੇ ਤੇਜ਼ ਰਫਤਾਰ ਟਰੈੱਕਟਰ-ਟਰਾਲੀ ਨਾਲ ਉਸ ਦੀ ਸਿੱਧੀ ਟੱਕਰ ਹੋ ਗਈ ਤੇ ਗੁਰਵਿੰਦਰ ਸਿੰਘ ਗੰਭੀਰ ਫੱਟੜ ਹੋ ਗਿਆ। ਉਸ ਨੂੰ ਸਿਵਲ ਹਸਪਤਾਲ ਅੰਬਾਲਾ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲੀਸ ਨੇ ਗੁਰਵਿੰਦਰ ਦੇ ਨਜ਼ਦੀਕੀ ਚੇਤੰਨ ਸਿੰਘ ਵਾਸੀ ਪਿੰਡ ਰਾਣੀਮਾਜਰਾ ਦੇ ਬਿਆਨ ’ਤੇ ਟਰੈੱਕਟਰ ਚਾਲਕ ਰਾਜੇਸ਼ ਕੁਮਾਰ ਵਾਸੀ ਪਿੰਡ ਬੋੜਾਖੇੜਾ ਜ਼ਿਲ੍ਹਾ ਅੰਬਾਲਾ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

Latest News