ਅਬੋਹਰ ਦੇ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਈ-ਮੇਲ ਰਾਹੀਂ ਧਮਕੀ, ਪ੍ਰਸ਼ਾਸਨ ਅਲਰਟ
ਪੰਜਾਬ ਦੇ ਅਬੋਹਰ ਸ਼ਹਿਰ ਦੇ ਕਈ ਪ੍ਰਮੁੱਖ ਸਕੂਲਾਂ ਨੂੰ ਬੁੱਧਵਾਰ ਸਵੇਰੇ ਈ-ਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਹੜਕੰਪ ਮਚ ਗਿਆ। ਧਮਕੀ ਮਿਲਦੇ ਹੀ ਸਕੂਲ ਪ੍ਰਬੰਧਕਾਂ ਨੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਵਿਦਿਆਰਥੀਆਂ ਅਤੇ ਸਟਾਫ ਨੂੰ ਤੁਰੰਤ ਬਾਹਰ ਕੱਢ ਦਿੱਤਾ ਅਤੇ ਕਈ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ। ਜਾਣਕਾਰੀ ਅਨੁਸਾਰ, ਇਹ ਧਮਕੀ ਭਰੀ ਈ-ਮੇਲ ਸਵੇਰੇ ਕਰੀਬ 8:51 ਵਜੇ ਪ੍ਰਾਪਤ ਹੋਈ। ਇਸ ਤੋਂ ਬਾਅਦ ਐਸਪਸ਼ਨ ਕਾਨਵੈਂਟ ਸਕੂਲ, ਡੀਏਵੀ ਸਕੂਲ ਅਤੇ ਹੋਰ ਨਿੱਜੀ ਸਕੂਲਾਂ ਵਿੱਚ ਸੁਰੱਖਿਆ ਪ੍ਰਬੰਧ ਤੁਰੰਤ ਸਖ਼ਤ ਕਰ ਦਿੱਤੇ ਗਏ। ਮਾਪਿਆਂ ਨੂੰ ਵੀ ਸਥਿਤੀ ਬਾਰੇ ਜਾਣੂ ਕਰਵਾਇਆ ਗਿਆ। ਧਮਕੀ ਦੀ ਸੂਚਨਾ ਮਿਲਣ ਉਪਰੰਤ ਪੁਲੀਸ ਨੂੰ ਤੁਰੰਤ ਜਾਣਕਾਰੀ ਦਿੱਤੀ ਗਈ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪੁਲੀਸ ਪ੍ਰਸ਼ਾਸਨ ਅਲਰਟ ਹੋ ਗਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ। ਨਾਲ ਹੀ ਧਮਕੀ ਭਰੀ ਈ-ਮੇਲ ਦੇ ਸਰੋਤ ਦਾ ਪਤਾ ਲਗਾਉਣ ਲਈ ਵੀ ਤਕਨੀਕੀ ਜਾਂਚ ਕੀਤੀ ਜਾ ਰਹੀ ਹੈ। ਸਾਵਧਾਨੀ ਦੇ ਤੌਰ 'ਤੇ ਪੁਲੀਸ ਅਤੇ ਬੰਬ ਨਿਰੋਧਕ ਦਸਤੇ ਵੱਲੋਂ ਪ੍ਰਭਾਵਿਤ ਸਕੂਲਾਂ ਦੀ ਬਾਰੀਕੀ ਨਾਲ ਤਲਾਸ਼ੀ ਲਈ ਜਾ ਰਹੀ ਹੈ। ਅਧਿਕਾਰੀਆਂ ਮੁਤਾਬਕ, ਹੁਣ ਤੱਕ ਕਿਸੇ ਵੀ ਸਕੂਲ ਵਿੱਚੋਂ ਕੋਈ ਸ਼ੱਕੀ ਵਸਤੂ ਬਰਾਮਦ ਨਹੀਂ ਹੋਈ ਹੈ। ਹਾਲਾਂਕਿ ਸੁਰੱਖਿਆ ਦੇ ਮੱਦੇਨਜ਼ਰ ਜਾਂਚ ਅਤੇ ਚੈਕਿੰਗ ਦੀ ਕਾਰਵਾਈ ਲਗਾਤਾਰ ਜਾਰੀ ਹੈ।
Posted By: Daily Suraj Bureau