ਫਾਰਮੇਸੀ ਅਫਸਰ ਪੇਪਰ ਮਾਮਲਾ: ਅਦਾਲਤ ਨੇ 26 ਵਿਦਿਆਰਥੀਆਂ ਨੂੰ ਦਿੱਤੀ ਜ਼ਮਾਨਤ
ਬਾਬਾ ਫ਼ਰੀਦ ਯੂਨੀਵਰਸਿਟੀ ਵੱਲੋਂ ਕਰਵਾਈ ਗਈ ਫਾਰਮੇਸੀ ਅਫਸਰ ਦੀ ਪ੍ਰੀਖਿਆ ਵਿੱਚ ਕਥਿਤ ਨਕਲ ਮਾਮਲੇ ਨੂੰ ਲੈ ਕੇ ਗ੍ਰਿਫ਼ਤਾਰ ਕੀਤੇ ਗਏ ਸਾਰੇ 26 ਵਿਦਿਆਰਥੀਆਂ ਨੂੰ ਅਦਾਲਤ ਨੇ ਜ਼ਮਾਨਤ ’ਤੇ ਰਿਹਾਅ ਕਰਨ ਦੇ ਹੁਕਮ ਦਿੱਤੇ ਹਨ। ਇਨ੍ਹਾਂ ਵਿਦਿਆਰਥੀਆਂ ਨੂੰ ਫ਼ਰੀਦਕੋਟ ਅਤੇ ਫ਼ਿਰੋਜ਼ਪੁਰ ਪੁਲੀਸ ਵੱਲੋਂ ਅੰਤਰਰਾਜੀ ਗਰੋਹ ਰਾਹੀਂ ਕਥਿਤ ਤੌਰ ’ਤੇ ਨਕਲ ਕਰਵਾਉਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਜ਼ਮਾਨਤ ਦੀ ਸੁਣਵਾਈ ਦੌਰਾਨ ਪੰਜਾਬ ਸਰਕਾਰ ਵੱਲੋਂ ਪੇਸ਼ ਵਕੀਲ ਨੇ ਮਾਮਲੇ ਨੂੰ ਬੇਹੱਦ ਗੰਭੀਰ ਦੱਸਦਿਆਂ ਮੁਲਜ਼ਮਾਂ ਨੂੰ ਜ਼ਮਾਨਤ ਨਾ ਦੇਣ ਦੀ ਦਲੀਲ ਦਿੱਤੀ। ਹਾਲਾਂਕਿ ਅਦਾਲਤ ਨੇ ਕਿਹਾ ਕਿ ਸਿਰਫ਼ ਮਾਮਲੇ ਦੀ ਗੰਭੀਰਤਾ ਦੇ ਆਧਾਰ ’ਤੇ ਨੌਜਵਾਨਾਂ ਨੂੰ ਜੇਲ੍ਹ ਵਿੱਚ ਨਹੀਂ ਰੱਖਿਆ ਜਾ ਸਕਦਾ। ਦੂਜੇ ਪਾਸੇ, ਵਿਦਿਆਰਥੀਆਂ ਦੇ ਵਕੀਲ ਨੇ ਅਦਾਲਤ ਵਿੱਚ ਦਲੀਲ ਦਿੱਤੀ ਕਿ ਪੁਲੀਸ ਵੱਲੋਂ ਵਿਦਿਆਰਥੀਆਂ ’ਤੇ ਨਕਲ ਕਰਵਾਉਣ ਵਾਲੇ ਗਰੋਹ ਨਾਲ ਜੁੜੇ ਹੋਣ ਦੇ ਲਾਏ ਗਏ ਦੋਸ਼ ਬੇਬੁਨਿਆਦ ਹਨ। ਬਚਾਅ ਪੱਖ ਵੱਲੋਂ ਇਹ ਵੀ ਦਾਅਵਾ ਕੀਤਾ ਗਿਆ ਕਿ ਵਿਦਿਆਰਥੀਆਂ ਖ਼ਿਲਾਫ਼ ਕਾਰਵਾਈ ਦੌਰਾਨ ਪੁਲੀਸ ਨੇ ਕਾਨੂੰਨੀ ਪ੍ਰਕਿਰਿਆ ਦੀ ਪੂਰੀ ਤਰ੍ਹਾਂ ਪਾਲਣਾ ਨਹੀਂ ਕੀਤੀ। ਪ੍ਰੀਖਿਆ ਕੇਂਦਰਾਂ ਤੋਂ ਮਿਲੇ ਸਨ ਡਿਵਾਈਸ ਮਾਮਲੇ ਮੁਤਾਬਕ, ਫਾਰਮੇਸੀ ਅਫਸਰ ਦੀ ਪ੍ਰੀਖਿਆ ਵਾਲੇ ਦਿਨ ਕੁਝ ਪ੍ਰੀਖਿਆ ਕੇਂਦਰਾਂ ਅੰਦਰ ਵਿਦਿਆਰਥੀਆਂ ਕੋਲੋਂ ਡਿਵਾਈਸ ਬਰਾਮਦ ਹੋਏ ਸਨ। ਪੁਲੀਸ ਦਾ ਦਾਅਵਾ ਸੀ ਕਿ ਇਨ੍ਹਾਂ ਡਿਵਾਈਸਾਂ ਰਾਹੀਂ ਪ੍ਰੀਖਿਆ ਕੇਂਦਰਾਂ ਤੋਂ ਬਾਹਰ ਬੈਠੇ ਕੁਝ ਵਿਅਕਤੀ ਵਿਦਿਆਰਥੀਆਂ ਨੂੰ ਪੇਪਰ ਵਿੱਚ ਨਕਲ ਕਰਵਾ ਰਹੇ ਸਨ। ਪੁਲੀਸ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਕਥਿਤ ਨਕਲ ਕਰਵਾਉਣ ਵਾਲੇ ਲੋਕ ਪੰਜਾਬ, ਹਰਿਆਣਾ ਅਤੇ ਰਾਜਸਥਾਨ ਨਾਲ ਸਬੰਧਤ ਸਨ। ਵਿਦਿਆਰਥੀ ਜਥੇਬੰਦੀਆਂ ਨੇ ਪੇਪਰ ਲੀਕ ਦੇ ਲਾਏ ਸਨ ਦੋਸ਼ ਇਸ ਮਾਮਲੇ ਨੂੰ ਲੈ ਕੇ ਪੰਜਾਬ ਸਟੂਡੈਂਟਸ ਯੂਨੀਅਨ, ਨੌਜਵਾਨ ਭਾਰਤ ਸਭਾ ਅਤੇ ਹੋਰ ਵਿਦਿਆਰਥੀ ਜਥੇਬੰਦੀਆਂ ਨੇ ਵੱਖਰਾ ਪੱਖ ਰੱਖਿਆ ਸੀ। ਉਨ੍ਹਾਂ ਦਾ ਦੋਸ਼ ਸੀ ਕਿ ਪ੍ਰੀਖਿਆ ਵਿੱਚ ਨਕਲ ਨਹੀਂ ਹੋਈ, ਸਗੋਂ ਪੇਪਰ ਲੀਕ ਹੋਇਆ ਹੈ। ਵਿਵਾਦ ਵਧਣ ਤੋਂ ਬਾਅਦ ਬਾਬਾ ਫ਼ਰੀਦ ਯੂਨੀਵਰਸਿਟੀ ਵਿੱਚ ਨਿਯੁਕਤੀਆਂ ਦੀ ਇੰਚਾਰਜ ਨੀਤੂ ਕੱਕੜ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਯੂਨੀਵਰਸਿਟੀ ਦੇ ਰਜਿਸਟਰਾਰ ਨੂੰ ਵੀ ਬਦਲ ਦਿੱਤਾ ਗਿਆ ਸੀ। ਵਿਵਾਦ ਦੇ ਬਾਵਜੂਦ ਬਾਬਾ ਫ਼ਰੀਦ ਯੂਨੀਵਰਸਿਟੀ ਨੇ ਹਾਲੇ ਤੱਕ ਫਾਰਮੇਸੀ ਅਫਸਰ ਪ੍ਰੀਖਿਆ ਦਾ ਨਤੀਜਾ ਐਲਾਨਿਆ ਨਹੀਂ ਹੈ।
Posted By: Daily Suraj Bureau